ਲੁਧਿਆਣਾ 'ਚ ਦਿਨ-ਦਿਹਾੜੇ ਦਹਿਸ਼ਤ: ਬਜ਼ੁਰਗ ਔਰਤ ਦੇ ਗਲ਼ 'ਚੋਂ ਸੋਨੇ ਦੀ ਚੇਨ ਝਪਟ ਕੇ ਲੁਟੇਰਾ ਫਰਾਰ, CCTV ਖੰਗਾਲ ਰਹੀ ਪੁਲਿਸ
ਲੁਧਿਆਣਾ ਦੇ ਬਸਤੀ ਯੋਧੇਵਾਲ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਇੱਕ ਸ਼ਾਤਰ ਬਦਮਾਸ਼ ਨੇ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਸੋਨੇ ਦੀ ਚੇਨ ਝਪਟ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦਰੇਸੀ ਦੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Publish Date: Sat, 25 Apr 2026 10:53 AM (IST)
Updated Date: Sat, 25 Apr 2026 10:55 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਬਸਤੀ ਯੋਧੇਵਾਲ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਇੱਕ ਸ਼ਾਤਰ ਬਦਮਾਸ਼ ਨੇ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਸੋਨੇ ਦੀ ਚੇਨ ਝਪਟ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦਰੇਸੀ ਦੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਖ਼ਰੀਦਾਰੀ ਕਰਨ ਜਾ ਰਹੀ ਸੀ ਬਜ਼ੁਰਗ ਔਰਤ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਿਹਰਬਾਨ ਦੇ ਹਰਕ੍ਰਿਸ਼ਨ ਵਿਹਾਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜ ਕੌਰ ਬੀਤੀ ਸ਼ਾਮ ਘਰੋਂ ਬਾਜ਼ਾਰ ਖ਼ਰੀਦਾਰੀ ਕਰਨ ਲਈ ਨਿਕਲੀ ਸੀ। ਜਦੋਂ ਉਹ ਬਸਤੀ ਯੋਧੇਵਾਲ ਦੀ ਗਲੀ ਨੰਬਰ 2 ਦੇ ਕੋਲ ਪਹੁੰਚੀ, ਤਾਂ ਪਿੱਛੋਂ ਆਏ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਅਚਾਨਕ ਉਸ ਦੇ ਗਲ਼ 'ਤੇ ਝਪੱਟਾ ਮਾਰਿਆ ਅਤੇ ਸੋਨੇ ਦੀ ਚੇਨ ਤੋੜ ਕੇ ਫਰਾਰ ਹੋ ਗਿਆ।
ਪੁਲਿਸ ਸੀਸੀਟੀਵੀ ਫੁਟੇਜ ਖੰਗਾਲਣ 'ਚ ਜੁਟੀ
ਵਾਰਦਾਤ ਇੰਨੀ ਤੇਜ਼ੀ ਨਾਲ ਵਾਪਰੀ ਕਿ ਜਦੋਂ ਤੱਕ ਬਜ਼ੁਰਗ ਔਰਤ ਨੇ ਸ਼ੋਰ ਮਚਾਇਆ, ਮੁਲਜ਼ਮ ਅੱਖੋਂ ਉਹਲੇ ਹੋ ਚੁੱਕਾ ਸੀ। ਥਾਣਾ ਦਰੇਸੀ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ: "ਅਸੀਂ ਦਰਸ਼ਨ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਬਦਮਾਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੇ ਮੋਟਰਸਾਈਕਲ ਨੰਬਰ ਅਤੇ ਉਸ ਦੀ ਪਛਾਣ ਦਾ ਪਤਾ ਲਗਾਇਆ ਜਾ ਸਕੇ।"