ਦਾਖਾ, ਦੀਵਾਨ ਤੇ ਜੱਸੋਵਾਲ ਨੂੰ ਲਾਇਆ ਨਿਗਰਾਨ
ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਦਾਖਾ, ਦੀਵਾਨ ਤੇ ਜੱਸੋਵਾਲ ਨੂੰ ਨਿਗਰਾਨ ਲਗਾਇਆ
Publish Date: Tue, 05 May 2026 07:22 PM (IST)
Updated Date: Wed, 06 May 2026 04:14 AM (IST)
-ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਦਿੱਤੀ ਵੱਡੀ ਜ਼ਿੰਮੇਵਾਰੀ
-ਵਰਕਰਾਂ ਨਾਲ ਮੀਟਿੰਗ ਕਰ ਕੇ 12 ਮਈ ਤੱਕ ਰਿਪੋਰਟ ਦੇਣ ਲਈ ਆਖਿਆ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਅੰਦਰ ਨੇੜ ਭਵਿੱਖ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਹੋਰਨਾਂ ਪਾਰਟੀਆਂ ਵਾਂਗ ਕਾਂਗਰਸ ਪਾਰਟੀ ਨੇ ਵੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ। ਇਸੇ ਕੜੀ ਵਜੋਂ ਪਾਰਟੀ ਹਾਈਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਨਗਰ ਕੌਂਸਲ ਖੰਨਾ, ਸਾਬਕਾ ਚੇਅਰਮੈਨ ਪਵਨ ਦੀਵਾਨ ਨੂੰ ਨਗਰ ਕੌਂਸਲਰ ਜਗਰਾਉਂ ਅਤੇ ਸਵ:ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਤੇ ਯੂਥ ਕਾਂਗਰਸੀ ਆਗੂ ਅਮਰਿੰਦਰ ਸਿੰਘ ਜੱਸੋਵਾਲ ਨੂੰ ਨਗਰ ਪੰਚਾਇਤ ਬੱਧਨੀ ਕਲਾਂ ਦਾ ਨਿਗਰਾਨ ਨਿਯੁਕਤ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੰਗਠਨ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਰੇ ਹੀ ਨਿਗਰਾਨਾਂ ਨੂੰ ਆਪਣੇ ਇਲਾਕਿਆਂ ਵਿੱਚ ਸਥਾਨਕ ਵਿਧਾਇਕਾਂ, ਹਲਕਾ ਇੰਚਾਰਜਾਂ, ਸੀਨੀਅਰ ਆਗੂਆਂ ਤੇ ਹੋਰਨਾਂ ਨਾਲ ਮੀਟਿੰਗ ਕਰਕੇ 12 ਮਈ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਖੇ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਦੂਸਰੇ ਪਾਸੇ ਨਿਗਰਾਨ ਨਿਯੁਕਤ ਹੋਣ ਵਾਲੇ ਦਾਖਾ, ਦੀਵਾਨ ਤੇ ਜੱਸੋਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਨਵੀਂ ਜਿੰਮੇਵਾਰੀ ਦੇਣ ਲਈ ਪਾਰਟੀ ਹਾਈਕਮਾਂਡ ਦਾ ਵੀ ਧੰਨਵਾਦ ਕੀਤਾ।