ਡੇਅਰੀ ਮਾਲਕਾਂ ਨੇ ਸੜਕ ਤੇ ਗੋਬਰ ਸੁੱਟ ਕੀਤਾ ਪ੍ਰਦਰਸ਼ਨ

ਤਾਜਪੁਰ ਡੇਅਰੀ ਐਸੋਸੀਏਸ਼ਨ ਨੇ ਸਮੱਸਿਆਵਾਂ ਦੇ ਹੱਲ ਤੱਕ ਪ੍ਰਦਰਸ਼ਨ ਜਾਰੀ ਰੱਖਣ ਦਾ ਕੀਤਾ ਐਲਾਨ
---
ਸਨਅਤੀ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਡੇਅਰੀ ਕੰਪਲੈਕਸ ਪਿਛਲੇ ਕਈ ਮਹੀਨਿਆਂ ਤੋਂ ਗੋਬਰ ਅਤੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਹਲਾਤ ਇਹ ਹਨ ਕਿ ਡੇਅਰੀ ਕੰਪਲੈਕਸ ਦੇ ਬਲਾਕਾਂ ਦੀਆਂ ਗਲੀਆਂ ਵਿੱਚ ਪਸ਼ੂਆਂ ਦਾ ਮਲ ਮੂਤਰ ਫੈਲਣ ਕਾਰਨ ਡੇਅਰੀਆਂ ਦੇ ਮਾਲਕਾਂ ਨੂੰ ਆਪਣੀਆਂ ਡੇਅਰੀਆਂ ਤੱਕ ਪਹੁੰਚਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਡੇਅਰੀ ਸੰਚਾਲਕਾਂ ਵੱਲੋਂ ਆਪਣੀ ਸਮੱਸਿਆ ਦੇ ਹੱਲ ਲਈ ਕਈ ਰਾਜਨੀਤਕ ਨੇਤਾਵਾਂ ਤੱਕ ਪਹੁੰਚ ਕੀਤੀ, ਪਰ ਜਦੋਂ ਉਨ੍ਹਾਂ ਦਾ ਕੋਈ ਪੱਕਾ ਹੱਲ ਨਹੀਂ ਹੋਇਆ ਤਾਂ ਅੱਜ ਡੇਅਰੀਆਂ ਦੇ ਮਾਲਕਾਂ ਨੇ ਤਾਜਪੁਰ ਰੋਡ 'ਤੇ ਸਥਿਤ ਅੰਮ੍ਰਿਤ ਧਰਮਕੰਡਾ ਦੇ ਨੇੜੇ ਸੜਕ 'ਤੇ ਗੋਬਰ ਸੁੱਟ ਕੇ ਨਾਲ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਨਗਰ ਨਿਗਮ ਪ੍ਰਸ਼ਾਸਨ ਦੇ ਖਿਲਾਫ ਦੇਰ ਸ਼ਾਮ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਲਾਤਾਂ ਦੀ ਜਾਣਕਾਰੀ ਮਿਲਦੇ ਹੀ ਵਾਰਡ 20 ਦੇ ਅਕਾਲੀ ਕੌਂਸਲਰ ਛਤਰਬੀਰ ਸਿੰਘ ਵੀ ਡੇਅਰੀ ਮਾਲਕਾਂ ਦੇ ਹੱਕ ਵਿੱਚ ਆ ਗਏ। ਇਸ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਸੜਕ 'ਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਜਿਵੇਂ ਡੇਅਰੀ ਮਾਲਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚ ਗਈ। ਪੁਲਿਸ ਨੇ ਸੜਕ ਗੋਬਰ ਸੁੱਟ ਰਹੇ ਡੇਅਰੀ ਮਾਲਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਸ਼ੁਰੂ ਕੀਤੀ।
ਇਸ ਮੌਕੇ ਤੇ ਤਾਜਪੁਰ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਲਵਲੀ ਅਤੇ ਉਪ ਪ੍ਰਧਾਨ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਕੰਪਲੈਕਸ ਦੀਆਂ ਗਲੀਆਂ ਵਿੱਚ ਗੋਬਰ ਅਤੇ ਗੰਦਾ ਪਾਣੀ ਜਮ੍ਹਾਂ ਹੋਣ ਤੋਂ ਪ੍ਰੇਸ਼ਾਨ ਹਨ। ਜਦਕਿ ਗਲੀਆਂ ਭਰਨ ਤੋਂ ਬਾਅਦ ਗੰਦਾ ਪਾਣੀ ਉਨ੍ਹਾਂ ਦੀਆਂ ਡੇਅਰੀਆਂ ਦੇ ਅੰਦਰ ਵੀ ਇਕੱਠਾ ਹੋਣਾ ਸ਼ੋਰੂ ਹੋ ਜਾਂਦਾ ਹੈ। ਜਿਸ ਨਾਲ ਗੰਦੇ ਪਾਣੀ ਵਿੱਚ ਖੜ੍ਹੇ ਪਸ਼ੂ ਹੀ ਨਹੀਂ ਸਗੋਂ ਉਨ੍ਹਾਂ ਦੇ ਮੁਲਾਜ਼ਮ ਵੀ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਕਦੇ ਵੀ ਡੇਅਰੀ ਮਾਲਕਾਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਡੇਅਰੀਆਂ ਤੋਂ ਨਿਕਲਣ ਵਾਲੇ ਪਾਣੀ ਅਤੇ ਗੋਬਰ ਨੂੰ ਬੁੱਢਾ ਦਰਿਆ ਵਿੱਚ ਜਾਣ ਤੋਂ ਰੋਕਣਾ ਸੀ, ਤਾਂ ਪਹਿਲਾਂ ਇਸ ਦਾ ਪੱਕ ਹੱਲ ਲੱਭਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਡੇਅਰੀ ਕੰਪਲੈਕਸ ਵਿੱਚ ਲਗਾਏ ਗਏ ਈਟੀਪੀ ਪਲਾਂਟ ਦੀ ਸਮਰੱਥਾ ਘੱਟ ਹੋਣ ਕਾਰਨ, ਇਹ ਅਕਸਰ ਬੰਦ ਹੋ ਜਾਂਦਾ ਹੈ। ਇਸ ਕਾਰਨ ਗਲੀਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੁਆਰਾ ਡਿਜ਼ਾਈਨ ਕੀਤੇ ਗਏ ਸੀਚੇਵਾਲ ਮਾਡਲ ਤੱਕ ਪਹੁੰਚਣ ਲਈ ਬਣਾਇਆ ਗਿਆ ਰਸਤਾ ਅਤੇ ਟੋਆ ਵੀ ਹੁਣ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਥੋਂ ਨਾ ਤਾਂ ਪਾਣੀ ਨਿਕਲ ਰਿਹਾ ਹੈ ਅਤੇ ਨਾ ਹੀ ਗੋਬਰ। ਉਨ੍ਹਾਂ ਕਿਹਾ ਕਿ ਭਾਵੇਂ ਠੇਕੇਦਾਰ ਨੇ ਅੱਜ ਤੋਂ ਡੇਅਰੀਆਂ ਗੋਬਰ ਚੱਕਣਾ ਸ਼ੁਰੂ ਕਰ ਦਿੱਤਾ ਹੈ, ਪਰ ਸਮੱਸਿਆ ਦਾ ਅਜੇ ਵੀ ਹੱਲ ਨਹੀਂ ਹੋਇਆ ਹੈ। ਜਿਸ ਕਾਰਨ ਉਹ ਵਿਰੋਧ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਪਿਛਲੇ 45 ਸਾਲਾਂ ਤੋਂ ਡੇਅਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੂੰ ਪਹਿਲਾਂ ਕਦੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪਰਚਿਆਂ ਕਾਰਨ ਬਹੁਤ ਸਾਰੇ ਡੇਅਰੀ ਮਾਲਕਾਂ ਨੇ ਕੰਮ ਛੱਡ ਦਿੱਤਾ ਹੈ।
---
ਗੋਬਰ ਤੇ ਗੰਦਾ ਪਾਣੀ ਪਹੁੰਚਇਆ ਮੁੱਖ ਸੜਕ ਤੱਕ
ਡੇਅਰੀ ਮਾਲਕਾਂ ਤਜਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ, ਅਰਜੁਨ ਸਿੰਘ, ਹਰਸ਼ ਮਲਹੋਤਰਾ, ਰਾਕੇਸ਼ ਮਲਹੋਤਰਾ, ਕਮਲ ਅਤੇ ਗਗਨ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਅਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਪਰ ਕੋਈ ਵੀ ਸਥਾਈ ਹੱਲ ਦੇਣ ਲਈ ਤਿਆਰ ਨਹੀਂ ਹੈ। ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਕਿ ਗਲੀਆਂ ਵਿੱਚ ਇਕੱਠਾ ਹੋਇਆ ਪਾਣੀ ਅਤੇ ਗੋਬਰ ਤਾਜਪੁਰ ਰੋਡ ਦੀ ਮੁੱਖ ਸੜਕ ਤੱਕ ਪਹੁੰਚ ਗਿਆ ਹੈ। ਸੜਕਾਂ 'ਤੇ ਇਕੱਠੇ ਹੋਏ ਗੋਬਰ ਕਾਰਨ ਪਸ਼ੂਆਂ ਤੱਕ ਚਾਰਾ ਨਹੀਂ ਪਹੁੰਚਾਇਆ ਜਾ ਸਕਦਾ ਅਤੇ ਗ੍ਰਾਹਕ ਡੇਅਰੀ ਤੱਕ ਨਹੀਂ ਪਹੁੰਚ ਸਕਦੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਵਿਰੋਧ ਜਾਰੀ ਰਹੇਗਾ।