ਗੋਬਰ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਤੰਗ ਡੇਅਰੀ ਮਾਲਕਾਂ ਦਾ ਫੁੱਟਿਆ ਗੁੱਸਾ

-ਗੋਬਰ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਹਨ ਡਾਅਢੇ ਤੰਗ
-ਅੱਜ ਡੀਸੀ ਦਫ਼ਤਰ ਵੱਲ ਕਰਨਗੇ ਸ਼ਾਂਤਮਈ ਰੋਸ ਮਾਰਚ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਹੰਬੜਾਂ ਰੋਡ ਸਥਿਤ ਡੇਅਰੀ ਕੰਪਲੈਕਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਗੋਬਰ ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਡੇਅਰੀ ਮਾਲਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਨਿਕਲਣ ਕਾਰਨ ਡੇਅਰੀ ਮਾਲਕ ਹੁਣ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋ ਗਏ ਹਨ। ਇਸ ਮਾਮਲੇ ਸਬੰਧੀ ਐਤਵਾਰ ਨੂੰ ਹੰਬੜਾਂ ਰੋਡ ਡੇਅਰੀ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ, ਜਿਸ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਗਈ।
ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਨੇ ਕਿਹਾ ਕਿ ਪਹਿਲਾਂ ਵੀ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਇਸ ਸਮੱਸਿਆ ਦੇ ਸਥਾਈ ਹੱਲ ਲਈ ਅਪੀਲ ਕੀਤੀ ਗਈ ਸੀ, ਪਰ ਅਧਿਕਾਰੀਆਂ ਵੱਲੋਂ ਸਿਰਫ਼ ਇੱਕ ਵਾਰ ਪਾਣੀ ਦੀ ਨਿਕਾਸੀ ਕਰਵਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਸਮਝ ਲਈ ਗਈ। ਕੁਝ ਹੀ ਦਿਨਾਂ ਵਿੱਚ ਸੜਕਾਂ ਅਤੇ ਗਲੀਆਂ ਮੁੜ ਗੋਬਰ ਅਤੇ ਗੰਦੇ ਪਾਣੀ ਨਾਲ ਭਰ ਗਈਆਂ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਭਰੋਸੇ ‘ਤੇ ਪਹਿਲਾਂ ਐਲਾਨਿਆ ਗਿਆ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਹਾਲਾਤਾਂ ਵਿੱਚ ਕੋਈ ਸੁਧਾਰ ਨਾ ਆਉਣ ਕਾਰਨ ਹੁਣ ਸੋਮਵਾਰ ਸਵੇਰੇ 10 ਵਜੇ ਡੇਅਰੀ ਮਾਲਕ ਇਕੱਠੇ ਹੋ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਡੇਅਰੀ ਮਾਲਕ ਆਪਣੇ ਪਸ਼ੂਆਂ ਅਤੇ ਗੋਬਰ ਵਾਲੀਆਂ ਟਰਾਲੀਆਂ ਨਾਲ ਹੰਬੜਾਂ ਰੋਡ ਤੋਂ ਜ਼ੋਨ-ਡੀ ਦਫ਼ਤਰ ਵੱਲ ਰਵਾਨਾ ਹੋਣਗੇ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਸ਼ਾਂਤਮਈ ਰੋਸ ਮਾਰਚ ਕਰਕੇ ਡੀਸੀ ਦਫਤਰ ਅੱਗੇ ਧਰਨਾ ਦੇਣਗੇ।
ਇਸ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਨੇ ਹੰਬੜਾਂ ਰੋਡ ਕੰਪਲੈਕਸ ਦੇ ਸਾਰੇ ਡੇਅਰੀ ਮਾਲਕਾਂ, ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ, ਤੂੜੀ-ਪੱਠੇ ਦੇ ਵਪਾਰੀਆਂ ਅਤੇ ਮਜ਼ਦੂਰ ਵਰਗ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡੇਅਰੀ ਦਾ ਕਾਰੋਬਾਰ ਸਿਰਫ਼ ਇਕ ਵਿਅਕਤੀ ਨਾਲ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੋਇਆ ਹੈ। ਜੇਕਰ ਅੱਜ ਇਕਜੁੱਟ ਹੋ ਕੇ ਆਵਾਜ਼ ਨਾ ਚੁੱਕੀ ਗਈ ਤਾਂ ਭਵਿੱਖ ਵਿੱਚ ਇਸ ਕਾਰੋਬਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਡੇਅਰੀ ਮਾਲਕ ਗਗਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਅਰੀ ਮਾਲਕਾਂ ਵੱਲੋਂ ਬੁੱਢਾ ਦਰਿਆ ਵਿੱਚ ਗੰਦਾ ਪਾਣੀ ਨਹੀਂ ਸੁੱਟਿਆ ਜਾ ਰਿਹਾ, ਫਿਰ ਵੀ ਉਨ੍ਹਾਂ ਨੂੰ ਤੰਗ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮੀਟਿੰਗ ਤੋਂ ਬਾਅਦ ਡੇਅਰੀ ਮਾਲਕ ਬਲਾਕ ਏ, ਬੀ ਅਤੇ ਸੀ ਦੇ ਮੁੱਖ ਚੌਂਕ ‘ਤੇ ਪਹੁੰਚੇ ਅਤੇ ਲਾਈਵ ਵੀਡੀਓ ਰਾਹੀਂ ਇਲਾਕੇ ਦੀ ਅਸਲ ਸਥਿਤੀ ਲੋਕਾਂ ਸਾਹਮਣੇ ਰੱਖੀ। ਵੀਡੀਓ ਵਿੱਚ ਸਪੱਸ਼ਟ ਦਿਖਾਈ ਦਿੱਤਾ ਕਿ ਕਿਵੇਂ ਗੋਬਰ ਅਤੇ ਗੰਦਾ ਪਾਣੀ ਸੀਵਰੇਜ ਪ੍ਰਣਾਲੀ ਵਿੱਚ ਜਾ ਰਿਹਾ ਹੈ ਅਤੇ ਸੜਕਾਂ ‘ਤੇ ਪਿਆ ਗੋਬਰ ਸਮੇਂ ਸਿਰ ਨਹੀਂ ਚੁੱਕਿਆ ਜਾ ਰਿਹਾ। ਇਹ ਰਸਤਾ ਮੁੱਖ ਹੰਬੜਾ ਰੋਡ ਨਾਲ ਜੁੜਦਾ ਹੈ, ਜਿਸ ਰਾਹੀਂ ਸਕੂਲੀ ਬੱਸਾਂ, ਵਾਹਨ ਚਾਲਕ ਅਤੇ ਪੈਦਲ ਰਾਹਗੀਰ ਲੰਘਦੇ ਹਨ। ਗੰਦਗੀ ਅਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਅਰੀ ਮਾਲਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਪੱਕਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।