ਸਿਹਤਮੰਦ ਜੀਵਨ ਬਾਰੇ ਸੁਨੇਹਾ ਦੇਣ ਲਈ ਕੱਢੀ ਸਾਈਕਲ ਰੈਲੀ
ਸਿਹਤਮੰਦ ਜੀਵਨ ਬਾਰੇ ਸੁਨੇਹਾ ਦੇਣ ਲਈ ਸਾਈਕਲ ਰੈਲੀ ਕੱਢੀ
Publish Date: Thu, 30 Apr 2026 06:30 PM (IST)
Updated Date: Fri, 01 May 2026 04:14 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਰਾਈਡ ਵਿਦ ਪ੍ਰਾਈਡ ਸਿਰਲੇਖ ਹੇਠ ਸਾਈਕਲ ਰੈਲੀ ਕਰਵਾਈ। ਸਿਹਤਮੰਦ ਜੀਵਨ ਬਾਰੇ ਸੁਨੇਹਾ ਦੇਣ ਦੇ ਮੰਤਵ ਨਾਲ ਕੱਢੀ ਗਈ ਇਸ ਰੈਲੀ ਵਿੱਚ 100 ਦੇ ਕਰੀਬ ਭਾਗੀਦਾਰ ਸ਼ਾਮਿਲ ਹੋਏ। ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਨੇ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ ਅਤੇ ਕਿਹਾ ਕਿ ਭਾਵੇਂ ਬਦਲਦੇ ਯੁੱਗ ਅਨੁਸਾਰ ਸਾਈਕਲ ਸਾਡੇ ਕਾਰ-ਵਿਹਾਰੀ ਜੀਵਨ ਦਾ ਹਿੱਸਾ ਨਹੀਂ ਰਿਹਾ ਪਰ ਸਿਹਤ ਸੰਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਦੀ ਭੂਮਿਕਾ ਅਹਿਮ ਹੈ। ਉਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਕੋਵਿਡ ਯੁੱਗ ਤੋਂ ਬਾਅਦ ਸਾਈਕਲ ਸੰਬੰਧੀ ਲੋਕਾਂ ਦਾ ਰੁਝਾਨ ਮੁੜ ਪਰਤਿਆ ਹੈ ਪਰ ਇਸ ਬਾਰੇ ਸਾਰੇ ਸੰਕੋਚਾਂ ਨੂੰ ਲਾਹ ਕੇ ਛੋਟੇ ਅਤੇ ਨੇੜੇ ਦੇ ਕਾਰਜਾਂ ਲਈ ਸਾਈਕਲ ਦੀ ਵਰਤੋਂ ਉੱਪਰ ਜ਼ੋਰ ਦੇਣ ਦੀ ਲੋੜ ਹੈ। ਡਾ. ਗੋਸਲ ਨੇ ਕਿਹਾ ਕਿ ਪੀਏਯੂ. ਨੇ ਕੈਂਪਸ ਵਿੱਚ ਸਿਹਤਮੰਦ ਰੁਝਾਨ ਵਧਾਉਣ ਲਈ ਹਮੇਸ਼ਾਂ ਯਤਨ ਕੀਤੇ ਹਨ। ਇਹ ਸਾਈਕਲ ਰੈਲੀ ਸਰੀਰਕ ਮੁਸ਼ੱਕਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਇਕ ਵਸੀਲਾ ਬਣੇਗੀ। ਰਾਸ਼ਟਰ ਪੱਧਰੀ ਸਾਈਕਲ ਚਾਲਕ ਦਵਿੰਦਰ ਸਿੰਘ ਬਾਂਸਲ ਦੇ ਪਰਿਵਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਦਾ ਜ਼ਿਕਰ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਾਈਕਲਿੰਗ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਇਸ ਇਮਦਾਦ ਦੀ ਵਰਤੋਂ ਕੀਤੀ ਜਾ ਰਹੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਰੈਲੀ ਵਿਚ ਭਾਗ ਲੈਣ ਵਾਲੇ ਸਾਈਕਲ ਚਾਲਕਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨਾਂ ਕਿਹਾ ਕਿ ਇਹ ਰੈਲੀ ਪੀਏਯੂ. ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਨਾਉਣ ਦਾ ਸੁਨੇਹਾ ਪ੍ਰਸਾਰਿਤ ਕਰਨ ਦਾ ਸਬੱਬ ਬਣੇਗੀ। ਇਸ ਮੌਕੇ ਪੀਏਯੂ. ਪੈਡਲ ਕਲੱਬ ਨਾਂ ਦਾ ਸ਼ੋਸ਼ਲ ਮੀਡੀਆ ਪੇਜ ਵੀ ਜਾਰੀ ਕੀਤਾ ਗਿਆ। ਰੈਲੀ ਦਾ ਸੰਚਾਲਨ ਡਾ. ਪਰਮਵੀਰ ਸਿੰਘ ਗਰੇਵਾਲ ਨੇ ਕੀਤਾ। ਅੰਤ ਵਿੱਚ ਡਾ. ਰੁਪਿੰਦਰ ਕੌਰ ਤੂਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਰੋਹ ਦਾ ਸੰਚਾਲਨ ਗੁਰਪ੍ਰੀਤ ਸਿੰਘ ਵਿਰਕ ਵੱਲੋਂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਮੌਜੂਦ ਸਨ।