ਦੋ ਮਹੀਨੇ ਪਹਿਲਾਂ ਬਣੀ ਸੜਕ ’ਚ ਪਈਆਂ ਤਰੇੜਾਂ
ਦੋ ਮਹੀਨੇ ਪਹਿਲਾਂ ਬਣੀ ਖੰਨਾ ਸਮਰਾਲਾ ਸੜਕ' ਚ ਪਿੰਡ ਉਟਾਲਾਂ ਕੋਲੋਂ ਪਈਆਂ ਤਰੇੜਾਂ
Publish Date: Mon, 20 Apr 2026 08:28 PM (IST)
Updated Date: Tue, 21 Apr 2026 04:06 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਕੌਮੀ ਡਿਫੈਂਸ ਰੋਡ ਵਜੋਂ ਮਾਨਤਾ ਪ੍ਰਾਪਤ ਖੰਨਾ ਸਮਰਾਲਾ ਸੜਕ ਜੋ ਕਿ ਸ਼ੁਰੂ ਤੋਂ ਹੀ ਵਿਵਾਦਾਂ ਦੇ ਘੇਰੇ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਹੈ, ਇੱਕ ਵਾਰੀ ਫੇਰ ਨਵੀਂ ਬਣਨ ਤੋਂ 2 ਮਹੀਨਿਆਂ ਬਾਦ ਹੀ ਟੁੱਟਣ ਕਰਕੇ ਫਿਰ ਚਰਚਾ ਵਿਚ ਆ ਗਈ ਹੈ। ਜੇਕਰ ਪਿਛਲੇ ਸਮੇਂ ਦੀ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਸ ਸੜਕ ਦੀ ਮੁਰੰਮਤ ਅਕਸਰ ਮੌਜੂਦਾ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਕਰਵਾਈ ਜਾਂਦੀ ਹੈ, ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਇਹ ਚਰਚਾ ਵੀ ਸੁਣਨ ਨੂੰ ਮਿਲਦੀ ਹੈ ਕੇ ਸੱਤਾਧਾਰੀ ਲੋਕ ਇਸ ਸੜਕ ਦੀ ਉਸਾਰੀ ਵੋਟਾਂ ਤੋਂ ਪਹਿਲਾਂ ਕਰਵਾਕੇ ਅਕਸਰ ਇਸ ਸੜਕ ਦਾ ਸਿਆਸੀ ਲਾਹਾ ਲੈਕੇ ਆਪਣਾ ਵੋਟ ਬੈਂਕ ਵੀ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਹੀ ਜਾਂਦੀ ਹੈ ਜੋ ਲੋਕਾਂ ਨੂੰ ਨਾਪਸੰਦ ਹੈ। ਇਸ ਸਮੇਂ ਇਸ ਸੜਕ ਦਾ ਮੌਜੂਦਾ ਕਾਰਜਕਾਲ ਵੇਖੀਏ ਤਾਂ ਖੰਨਾ ਸਮਰਾਲਾ ਸੜਕ ਨਵੀਂ ਬਣਨ ਤੋਂ ਸਿਰਫ ਦੋ ਤਿੰਨ ਸਾਲਾਂ ਬਾਅਦ ਹੀ ਫਿਰ ਦੁਬਾਰਾ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਪਰ ਸੰਬੰਧਤ ਵਿਭਾਗ ਠੇਕੇਦਾਰ ਕੋਲੋਂ ਕੋਈ ਪੁੱਛ ਪੜਤਾਲ ਨਹੀਂ ਕਰਦਾ। ਇਸ ਵੇਲੇ ਪਿਛਲੇ ਕਰੀਬ ਤਿੰਨ ਚਾਰ ਮਹੀਨਿਆਂ ਤੋਂ ਇਸ ਸੜਕ ਦੀ ਉਸਾਰੀ ਮੌਜੂਦਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਰਕਾਰ ਕੋਲੋਂ ਵਿਸ਼ੇਸ਼ ਫੰਡ ਜਾਰੀ ਕਰਵਾ ਕੇ ਪਿੰਡ ਬਾਲਿਓਂ ਕੋਲੋਂ ਸ਼ੁਰੂ ਕਰਵਾਈ ਗਈ ਸੀ। ਉਸ ਵੇਲੇ ਸੜਕ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਸ਼ੁਰੂ ਕਰਵਾਇਆ ਗਿਆ ਸੀ, ਪਰ ਸੜਕ ਬਣਨ ਤੋਂ ਕੁਝ ਹਫਤੇ ਬਾਦ ਹੀ ਬਲਾਕ ਸੰਮਤੀ ਦੀਆਂ ਚੋਣਾਂ ਆ ਜਾਣ ਕਰਕੇ ਅਤੇ ਸਥਾਨਕ ਖੰਨਾ ਰੋਡ ਤੇ ਸਥਿਤ ਗਊਸ਼ਾਲਾ ਕੋਲ ਸੀਵਰੇਜ ਬੋਰਡ ਵੱਲੋਂ ਸੀਵਰੇਜ ਦਾ ਕੰਮ ਮੁਕੰਮਲ ਨਾ ਕਰਵਾਉਣ ਕਰਕੇ ਇੱਥੇ ਬਣਨ ਵਾਲੀ ਸੜਕ ਦੀ ਉਸਾਰੀ ਵੀ ਉਥੇ ਹੀ ਰੁਕ ਗਈ। ਪਹਿਲਾਂ ਵੀ ਉਸ ਜਗ੍ਹਾ ਤੇ ਇੰਟਰਲੋਕਿੰਗ ਟਾਈਲਾਂ ਨਾਲ ਸੜਕ ਬਣਵਾਈ ਗਈ ਸੀ ਪਰ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਕੰਮ ਮੁਕੰਮਲ ਨਾ ਕਰਵਾਉਣ ਕਰਕੇ ਇਹਨਾਂ ਸੀਵਰੇਜ ਦੇ ਢੱਕਣਾਂ ਵਿੱਚੋਂ ਸ਼ਹਿਰ ਦਾ ਗੰਦਾ ਪਾਣੀ ਬਾਹਰ ਨਿਕਲਕੇ ਸੜਕ ਤੇ ਸ਼ੂਕਦਾ ਫਿਰਦਾ ਹੈ, ਇਸ ਗੰਦੇ ਪਾਣੀ ਕਰਕੇ ਸੜਕ ਦੀ ਮਜਬੂਤੀ ਵੀ ਕਮਜ਼ੋਰ ਹੁੰਦੀ ਹੈ। ਇਸ ਵੇਲੇ ਵਿਭਾਗ ਵੱਲੋਂ ਨਵੀਂ ਬਣਾਈ ਗਈ ਸੜਕ ਪਿੰਡ ਉਟਾਲਾ ਦੇ ਸੂਏ ਕੋਲੋਂ ਦੁਬਾਰਾ ਫੇਰ ਟੁੱਟਣੀ ਸ਼ੁਰੂ ਹੋ ਗਈ ਹੈ। ਪਿੰਡ ਮਾਣਕੀ ਦੇ ਸਾਬਕਾ ਚੇਅਰਮੈਨ ਬਹਾਦਰ ਸਿੰਘ ਮਾਣਕੀ, ਯੂਥ ਆਗੂ ਗੁਰਪ੍ਰੀਤ ਸਿੰਘ ਮਾਣਕੀ, ਪਿੰਡ ਭੰਗਲਾਂ ਦੇ ਕੌਮੀ ਐਵਾਰਡ ਜੇਤੂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ, ਸਾਬਕਾ ਸਰਪੰਚ ਮਨਜੀਤ ਸਿੰਘ ਲਾਡੀ ਪਪੜੌਦੀ, ਪਿੰਡ ਬਰਧਾਲਾਂ ਦੇ ਸਾਬਕਾ ਸਰਪੰਚ ਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਲੀਪ ਸਿੰਘ ਸੋਹੀ, ਸਮਾਜ ਦੇਵੀ ਸੁਰਜੀਤ ਸਿੰਘ ਢਿੱਲਵਾਂ ਅਤੇ ਡਾ.ਮਨਜੀਤ ਸਿੰਘ ਮੈਡੀਕਲ ਬਰਧਾਲਾਂ ਨੇ ਕਿਹਾ ਕਿ ਨਵੀਂ ਬਣਾਈ ਸੜਕ ਦੀ ਪੂਰੇ ਪੰਜ ਸਾਲਾਂ ਤੱਕ ਮੁਰੰਮਤ ਕਰਨ ਦੀ ਜਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੁੰਦੀ ਹੈ। ਇਸ ਲਈ ਆਪਣੀ ਮਿਆਦ ਤੋਂ ਪਹਿਲਾਂ ਹੀ ਟੁੱਟ ਰਹੀ ਇਸ ਸੜਕ ਦੀ ਮੁਰੰਮਤ ਲਈ ਸਬੰਧਤ ਵਿਭਾਗ ਦੀ ਜਿੰਮੇਵਾਰੀ ਬਣਦੀ ਹੈ ਕੇ ਉਹ ਠੇਕੇਦਾਰ ਕੋਲੋਂ ਮੁਰੰਮਤ ਕਰਾਵੇ। ਬਾਕਸ ਲਈ : ਕੀ ਕਹਿੰਦੇ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਵੀਂ ਬਣਾਈ ਗਈ ਖੰਨਾ ਸਮਰਾਲਾ ਸੜਕ ਦੇ ਕੁਝ ਮਹੀਨਿਆਂ ਬਾਅਦ ਹੀ ਦੁਬਾਰਾ ਟੁੱਟ ਜਾਣ ਦੇ ਮਸਲੇ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਤੇ ਅਜੇ ਇਸ ਸੜਕ ਦੇ ਉੱਪਰ ਮਟੀਰੀਅਲ ਦੀ ਇੱਕ ਤਹਿ ਹੋਰ ਵਿਛਾਉਣੀ ਬਾਕੀ ਹੈ, ਇਸ ਸੜਕ ਦੀ ਉਸਾਰੀ ਅਜੇ ਮੁਕੰਮਲ ਨਹੀਂ ਹੋਈ ਅਤੇ ਸੜਕ ਤੇ ਜਿੱਥੇ ਵੀ ਟੋਏ ਪਏ ਹਨ ਉਹਨਾਂ ਨੂੰ ਨਵੀਂ ਉਸਾਰੀ ਕਰਕੇ ਜਲਦੀ ਹੀ ਸਹੀ ਕਰ ਦਿੱਤਾ ਜਾਵੇਗਾ। ਬਾਕਸ ਲਈ ਮਾਈਂਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਮੰਗ ਕੀਤੀ ਕੇ ਸੜਕ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਇਸ ਖਸਤਾ ਹਾਲ ਸੜਕ ਤੇ ਨਿਤ ਵਾਪਰਦੇ ਜਾਨਲੇਵਾ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਅਤੇ ਨਵੀਂ ਸੜਕ ਬਣਨ ਨਾਲ ਸਥਾਨਕ ਲੋਕਾਂ ਅਤੇ ਨਿਤ ਦੇ ਰਾਹਗੀਰਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ।