ਭਨੋਟ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਭਨੋਟ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Publish Date: Fri, 22 May 2026 08:01 PM (IST)
Updated Date: Fri, 22 May 2026 08:04 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਮੁਕਾਮ ਹਾਸਲ ਕਰਨ ਵਾਲੇ ਅਤੇ ਪੰਜਾਬ ਦੀ ਪ੍ਰਸਿੱਧ ਵਿਦਿਅਕ ਸੰਸਥਾ ‘ਸਿਗਮਾ ਗਰੁੱਪ ਆਫ਼ ਕਾਲਜਿਸ’ ਦੇ ਮੈਨੇਜਿੰਗ ਡਾਇਰੈਕਟਰ ਚੰਦਰ ਭਨੋਟ ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੇ ਜਾਣ ਪਿੱਛੋਂ ਜਿੱਥੇ ਮੈਡੀਕਲ ਸਿੱਖਿਆ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ। ਭਨੋਟ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੀ। ਲੋਕਾਂ ਦੀ ਦਿਲੋਂ ਸੇਵਾ ਕਰਨਾ ਅਤੇ ਕਿਸੇ ਲੋੜਵੰਦ ਦੇ ਕੰਮ ਆਉਣਾ ਉਨ੍ਹਾਂ ਦੇ ਜੀਵਨ ਦਾ ਮੁੱਖ ਮਨੋਰਥ ਸੀ। ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਅਤੇ ਦੀਨ-ਦੁਖੀਆ ਦੀ ਮਦਦ ਕਰ ਕੇ ਉਨ੍ਹਾਂ ਨੂੰ ਜੋ ਆਤਮਿਕ ਆਨੰਦ ਮਿਲਦਾ ਸੀ, ਉਹ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਭਨੋਟ ਹਰ ਕੰਮ ਨੂੰ ਬਹੁਤ ਹੀ ਮਿਹਨਤ, ਅਥਾਹ ਲਗਨ, ਦੂਰਅੰਦੇਸ਼ੀ ਅਤੇ ਪੂਰੀ ਇਮਾਨਦਾਰੀ ਨਾਲ ਨੇਪਰੇ ਚਾੜ੍ਹਦੇ ਸਨ। ਸਿਗਮਾ ਗਰੁੱਪ ਆਫ਼ ਕਾਲਜਿਜ਼ ਨੂੰ ਇਸ ਉੱਚੇ ਮੁਕਾਮ ਤੱਕ ਪਹੁੰਚਾਉਣ ਪਿੱਛੇ ਉਨ੍ਹਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਸੰਸਥਾ ਪ੍ਰਤੀ ਸੱਚਾ ਜਨੂੰਨ ਸੀ। ਉਹ ਕੇਵਲ ਇੱਕ ਪ੍ਰਬੰਧਕ ਹੀ ਨਹੀਂ ਸਨ, ਸਗੋਂ ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਸਰੋਤ ਸਨ, ਜੋ ਹਮੇਸ਼ਾ ਸਾਰਿਆਂ ਨੂੰ ਅੱਗੇ ਵਧਣ ਅਤੇ ਇਮਾਨਦਾਰੀ ਦੇ ਰਾਹ ’ਤੇ ਚੱਲਣ ਦਾ ਸੁਨੇਹਾ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਸਿਰਫ਼ ਵਪਾਰ ਨਹੀਂ, ਸਗੋਂ ਸਮਾਜ ਨੂੰ ਬਦਲਣ ਦਾ ਇੱਕ ਪਵਿੱਤਰ ਜ਼ਰੀਆ ਹੈ। ਭਨੋਟ ਸਮੁੱਚੇ ਪਰਿਵਾਰ ਲਈ ਇੱਕ ਆਦਰਸ਼ ਅਤੇ ਸੂਝਵਾਨ ਮੁਖੀ ਵਜੋਂ ਵਿਚਰਦੇ ਸਨ। ਬਾਹਰਲੇ ਸਮਾਜ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਉਨ੍ਹਾਂ ਦੀ ਸੂਝ-ਬੂਝ ਬਹੁਤ ਮਿਸਾਲੀ ਸੀ। ਉਹ ਆਪਣੇ ਮਾਤਾ-ਪਿਤਾ, ਭਰਾਵਾਂ, ਪਤਨੀ, ਬੱਚਿਆਂ ਅਤੇ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਬਹੁਤ ਹੀ ਸਤਿਕਾਰ ਅਤੇ ਬੇਅੰਤ ਪਿਆਰ ਦਿੰਦੇ ਸਨ। ਪਰਿਵਾਰ ਦੇ ਹਰ ਛੋਟੇ-ਵੱਡੇ ਮੈਂਬਰ ਦੀ ਗੱਲ ਨੂੰ ਬਹੁਤ ਹੀ ਸਹਿਜ ਅਤੇ ਖੂਬਸੂਰਤ ਢੰਗ ਨਾਲ ਸੁਣਨਾ ਉਨ੍ਹਾਂ ਦੀ ਬਹੁਤ ਵੱਡੀ ਸਮਝ ਸੀ। ਜੇਕਰ ਪਰਿਵਾਰ ਵਿੱਚ ਕਦੇ ਕਿਸੇ ਨੂੰ ਕੋਈ ਸਲਾਹ ਦੇਣੀ ਹੁੰਦੀ, ਤਾਂ ਉਹ ਬਹੁਤ ਹੀ ਪਿਆਰ ਅਤੇ ਖੂਬਸੂਰਤ ਤਰੀਕੇ ਨਾਲ ਸਭ ਨੂੰ ਸਮਝਾਉਂਦੇ ਸਨ। ਉਨ੍ਹਾਂ ਦੀ ਇਸੇ ਉੱਚੀ ਸੋਚ ਅਤੇ ਪਰਿਵਾਰ ਨੂੰ ਇੱਕ ਧਾਗੇ ਵਿੱਚ ਪਰੋ ਕੇ ਰੱਖਣ ਦੇ ਸੁਭਾਅ ਕਾਰਨ ਅੱਜ ਸਮੁੱਚਾ ਪਰਿਵਾਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ। ਕੌਮੀ ਪੱਧਰ ’ਤੇ ਸਿਆਸੀ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਵਰਗੀ ਭਨੋਟ ਕੇਵਲ ਇੱਕ ਇਨਸਾਨ ਹੀ ਨਹੀਂ, ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਹ ਇੱਕ ਅਜਿਹੇ ਕਰਮਯੋਗੀ ਇਨਸਾਨ ਸਨ, ਜੋ ਆਪਣੇ ਕੰਮ ਨੂੰ ਪੂਜਾ ਵਾਂਗ ਕਰਦੇ ਸਨ। ਸਿਗਮਾ ਗਰੁੱਪ ਆਫ਼ ਕਾਲਜਿਸ ਰਾਹੀਂ ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਰੋਸ਼ਨ ਕੀਤਾ ਅਤੇ ਇੱਕ ਸਿੱਖਿਆ ਸ਼ਾਸਤਰੀ ਵਜੋਂ ਸਮਾਜ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਨੇਕਦਿਲੀ, ਕੰਮ ਪ੍ਰਤੀ ਵਫ਼ਾਦਾਰੀ ਅਤੇ ਮਿਲਾਪੜਾ ਸੁਭਾਅ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲੈਂਦਾ ਸੀ। ਪੀੜਤ ਨਾਲ ਵੱਖ ਵੱਖ-ਰਾਜਨੀਤਿਕ, ਸਮਾਜਿਕ ਅਤੇ ਸਿੱਖਿਆ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ।