ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈਕੇ ਡੀਜੀਐਸਈ ਦਫਤਰ ਦੇ ਘਿਰਾਓ ਦਾ ਐਲਾਨ

ਰਵੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਮੰਗਾਂ ਪੂਰੀਆਂ ਨਾ ਕਰਨ ਅਤੇ ਸਿੱਖਿਆ ਵਿਭਾਗ ਦੀਆਂ ਕੰਪਿਊਟਰ ਅਧਿਆਪਕਾਂ ਵਿਰੋਧੀ ਨੀਤੀਆਂ ਖਿਲਾਫ ਕੰਪਿਊਟਰ ਅਧਿਆਪਕਾਂ ਵੱਲੋਂ ਇਕ ਜੂਨ ਨੂੰ ਐਸਏਐਸ ਨਗਰ ਵਿਖੇ ਡੀਜੀਐਸਈ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਤਿਆਰੀ ਕਰਨ ਲਈ ਜ਼ਿਲ੍ਹਾ ਇਕਾਈ ਲੁਧਿਆਣਾ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ।
ਮੀਟਿੰਗ ਦੌਰਾਨ ਕੰਪਿਊਟਰ ਟੀਚਰ ਯੂਨੀਅਨ ਦੇ ਆਗੂਆਂ ਵੱਲੋਂ ਇਹ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ 02/12/10 ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ 2011 ਦੇ ਨੋਟੀਫਿਕੇਸ਼ਨ ਅਤੇ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਨੂੰ ਪਿਕਟਸ ਸੁਸਾਇਟੀ ਦੀ ਆੜ ਵਿੱਚ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦਾ ਫੈਸਲਾ ਕੰਪਿਊਟਰ ਅਧਿਆਪਕਾਂ ਦੇ ਪੱਖ ਵਿੱਚ ਆਉਣ ਦੇ ਬਾਵਜੂਦ ਵੀ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਹੱਕ ਦੇਣ ਦੇ ਬਜਾਏ ਅਧਿਆਪਕਾਂ ਦੀ ਖੱਜਲ ਖਰਾਬੀ ਕਰਨ ਲਈ ਸੁਪਰੀਮ ਕੋਰਟ ਚਲੀ ਗਈ ਹੈ।
ਆਗੂਆਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਇਹ ਵੀ ਦੱਸਿਆ ਗਿਆ ਕਿ 6640 ਅਧਿਆਪਕ ਅਤੇ ਇਨ੍ਹਾਂ ਦੇ ਪਰਿਵਾਰ ਪਿਛਲੇ 21 ਸਾਲ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 112 ਸਾਥੀ ਸੰਘਰਸ਼ ਕਰਦੇ ਕਰਦੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਵੀ ਸਰਕਾਰ ਨੇ ਅੱਜ ਤੱਕ ਨਹੀਂ ਲਈ ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਤੋਂ ਵਿਭਾਗ ਵਿੱਚ ਮਰਜ ਕੀਤਾ ਜਾਵੇਗਾ, ਪਰ ਵੋਟਾਂ ਲੈਣ ਤੋਂ ਬਾਅਦ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖੇ ਇਸ ਵਾਅਦੇ ਤੋਂ ਮੁਨਕਰ ਹੋ ਗਈ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਪੂਰੀ ਤਨਦੇਹੀ ਨਾਲ ਵਿਭਾਗ ਵਿੱਚ 20 ਸਾਲ ਸੇਵਾ ਕਰਨ ਤੋਂ ਬਾਅਦ 4 ਕੰਪਿਊਟਰ ਅਧਿਆਪਕ ਬਿਨ੍ਹਾਂ ਕਿਸੇ ਵਿੱਤੀ ਲਾਭ ਤੋਂ ਸੇਵਾ ਮੁਕਤ ਹੋ ਗਏ ਹਨ, ਪਰ ਅੱਜ ਵੀ ਉਨ੍ਹਾਂ ਅਧਿਆਪਕਾਂ ਦੇ ਪਰਿਵਾਰ ਸਮਾਜਿਕ ਸੁਰੱਖਿਆ ਅਤੇ ਆਪਣੇ ਹੱਕਾਂ ਲਈ ਤਰਸ ਰਹੇ ਹਨ।
ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਜਦੋਂ ਤੱਕ 15 ਸਤੰਬਰ 2022 ਦੇ ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ, ਨਵਜੋਤ ਸਿੰਘ, ਹਰ ਰਾਏ, ਰੰਜਨ ਭਨੋਟ, ਕੁਲਵੰਤ ਪੰਡੋਰੀ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਵਾਲੀਆ, ਅਮਿਤ ਪਵਾਰ, ਵਿਪਨ ਪਾਲ ਗੁਰੂ, ਜਸਪ੍ਰੀਤ ਸਿੰਘ ਰੱਜੇਵਾਲ, ਵਰਿੰਦਰ ਸਿੰਘ, ਧਰਮਿੰਦਰ ਸਿੰਘ, ਜਗਮੀਤ ਸਿੰਘ, ਹਰਪਾਲ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਸਿੰਘ ਬੱਲੀ, ਜਸਵਿੰਦਰ ਸਿੰਘ,ਅਰੁਣ ਕੁਮਾਰ, ਹਰਪ੍ਰੀਤ ਕੌਰ, ਬਵਲੀਨ ਬੇਦੀ, ਗੁਰਪ੍ਰੀਤ ਕੌਰ, ਮੀਨੂੰ ਰਾਣੀ, ਅੰਜੂ ਮਾਰਟਨ, ਚਰਨਜੀਤ ਕੌਰ, ਰਵਿੰਦਰ ਕੌਰ, ਸ਼ਰਨਜੀਤ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।