ਦੇਸ਼ ਦੇ ਸੈਨਿਕਾਂ ਲਈ ਐੱਸਐੱਸਪੀ ਡਾ. ਆਹਲੂਵਾਲੀਆ ਦੀ ਸ਼ਲਾਘਾਯੋਗ ਪਹਿਲ
ਦੇਸ਼ ਦੇ ਸੈਨਿਕਾਂ ਲਈ ਖੰਨਾ ਦੇ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਸ਼ਲਾਘਾਯੋਗ ਪਹਿਲ
Publish Date: Thu, 28 May 2026 06:58 PM (IST)
Updated Date: Fri, 29 May 2026 04:13 AM (IST)

* ਖੰਨਾ ਪੁਲਿਸ ਨੇ ਸ਼ੁਰੂ ਕੀਤਾ ‘ਸੈਨਿਕ ਸਮਾਧਾਨ ਉਪਰਾਲਾ’, ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਸੁਣਵਾਈ * ਸੋਮਵਾਰ ਤੋਂ ਸ਼ੁੱਕਰਵਾਰ ਤੱਕ ਈ-ਮੇਲ ਰਾਹੀਂ ਕੀਤੀ ਜਾ ਸਕਦੀ ਹੈ ਸ਼ਿਕਾਇਤ * ਸਿਰਫ ਨੀਵਾਰ ਨੂੰ ਹੀ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਸੁਣਵਾਈ ਪੀ 07 : ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਫੌਜੀਆਂ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਆਪਣੇ ਘਰੇਲੂ ਜ਼ਿਲ੍ਹਿਆਂ ’ਚ ਚੱਲ ਰਹੇ ਪੁਲਿਸ ਵਿਭਾਗ ਨਾਲ ਸਬੰਧਤ ਮਾਮਲਿਆਂ ਲਈ ਹੁਣ ਛੁੱਟੀ ਲੈ ਕੇ ਆਉਣ ਦੀ ਲੋੜ ਨਹੀਂ ਪਵੇਗੀ। ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਜਵਾਨਾਂ ਦੀ ਸਹੂਲਤ ਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਹੀ ਇਨਸਾਫ ਮੁਹੱਈਆ ਕਰਵਾਉਣ ਲਈ ਇੱਕ ਵਿਲੱਖਣ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ “ਸੈਨਿਕ ਸਮਾਧਾਨ ਉਪਰਾਲਾ” ਨਾਮ ਨਾਲ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਫੌਜੀ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਆਪਣੀਆਂ ਸ਼ਿਕਾਇਤਾਂ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕਰਵਾ ਸਕਣਗੇ। ਦੇਸ਼ ਦੇ ਸੈਨਿਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਈ-ਮੇਲ ਰਾਹੀਂ ਸ਼ਿਕਾਇਤ ਕਰ ਸਕਣਗੇ। ਸਿਰਫ ਸ਼ਨੀਵਾਰ ਨੂੰ ਦੋ ਘੰਟੇ ਵੀਡਿਓ ਕਾਨਫਰੰਸ ਰਾਹੀਂ ਸੁਣਵਾਈ ਹੋਵੇਗੀ। ਜਾਣਕਾਰੀ ਦਿੰਦਿਆਂ ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਅਕਸਰ ਇਹ ਦੇਖਣ ’ਚ ਆਉਂਦਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ ਜਾਂ ਦੂਰ-ਦਰਾਜ ਇਲਾਕਿਆਂ ’ਚ ਡਿਊਟੀ ਨਿਭਾ ਰਹੇ ਜਵਾਨ ਛੁੱਟੀ ਨਾ ਮਿਲਣ ਜਾਂ ਡਿਊਟੀ ਦੀਆਂ ਪਾਬੰਦੀਆਂ ਕਾਰਨ ਆਪਣੇ ਘਰੇਲੂ ਜ਼ਿਲ੍ਹਿਆਂ ’ਚ ਚੱਲ ਰਹੇ ਮਾਮਲਿਆਂ ਦੀ ਪੈਰਵੀ ਨਹੀਂ ਕਰ ਪਾਉਂਦੇ। ਇਸ ਕਾਰਨ ਕਈ ਵਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੱਕ ਲਟਕੀਆਂ ਰਹਿ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਖੰਨਾ ਪੁਲਿਸ ਨੇ ਇਹ ਤਕਨੀਕੀ ਤੇ ਮਨੁੱਖੀ ਪੱਖ ਤੋਂ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਖਾਸ ਤੌਰ ’ਤੇ ਇੱਕ ਅਧਿਕਾਰਿਕ ਈਮੇਲ ਆਈਡੀ ssu.khanna@punjabpolice.gov.in ਜਾਰੀ ਕੀਤੀ ਗਈ ਹੈ। ਇਸ ਈਮੇਲ ਰਾਹੀਂ ਫੌਜੀ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਆਪਣੀਆਂ ਸ਼ਿਕਾਇਤਾਂ, ਦਰਖਾਸਤਾਂ ਜਾਂ ਹੋਰ ਜਾਣਕਾਰੀ ਸਿੱਧੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਭੇਜ ਸਕਣਗੇ। ਇਸ ਨਾਲ ਬਿਨਾਂ ਸਰੀਰਕ ਤੌਰ ’ਤੇ ਹਾਜ਼ਰ ਹੋਏ ਵੀ ਮਾਮਲੇ ਦੀ ਸ਼ੁਰੂਆਤੀ ਜਾਂਚ ਅਤੇ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਵੀਡੀਓ ਕਾਲ ਰਾਹੀਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਸੈਨਿਕਾਂ ਨਾਲ ਸਿੱਧੇ ਐੱਸਐੱਸਪੀ ਗੱਲਬਾਤ ਕਰਕੇ ਮੁਸ਼ਕਲਾਂ ਸੁਣਨਗੇ। ਇਸ ਨਾਲ ਨਾ ਸਿਰਫ਼ ਜਵਾਨਾਂ ਨੂੰ ਸਹੂਲਤ ਮਿਲੇਗੀ, ਸਗੋਂ ਉਨ੍ਹਾਂ ਨੂੰ ਇਹ ਭਰੋਸਾ ਵੀ ਮਿਲੇਗਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ ਜਾ ਰਿਹਾ ਹੈ। ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਤੋਂ ਬਾਅਦ ਸੰਬੰਧਿਤ ਗਜ਼ਟਿਡ ਅਫ਼ਸਰ ਜਾਂ ਐੱਸਐੱਚਓ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਮਾਮਲਿਆਂ ਦਾ ਜਲਦ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ “ਸੈਨਿਕ ਸਮਾਧਾਨ ਡੈਸ਼ਬੋਰਡ” ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਐਸ.ਪੀ ਹੈੱਡਕੁਆਰਟਰ ਵੱਲੋਂ ਨੋਡਲ ਅਫ਼ਸਰ ਦੇ ਤੌਰ ’ਤੇ ਕੀਤੀ ਜਾਵੇਗੀ। ਡੈਸ਼ਬੋਰਡ ’ਚ ਪ੍ਰਾਪਤ ਹੋਈਆਂ ਸ਼ਿਕਾਇਤਾਂ, ਉਨ੍ਹਾਂ ਦੀ ਮੌਜੂਦਾ ਸਥਿਤੀ ਅਤੇ ਬਕਾਇਆ ਮਾਮਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਹਰ 15 ਦਿਨਾਂ ਬਾਅਦ ਐੱਸਐੱਸਪੀ ਖੁਦ ਇਸਦੀ ਸਮੀਖਿਆ ਕਰਨਗੇ ਤਾਂ ਜੋ ਕਿਸੇ ਵੀ ਮਾਮਲੇ ਦੇ ਨਿਪਟਾਰੇ ’ਚ ਬੇਵਜ੍ਹਾ ਦੇਰੀ ਨਾ ਹੋਵੇ ਤੇ ਜਵਾਨਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ। ਪੁਲਿਸ ਜ਼ਿਲ੍ਹਾ ਖੰਨਾ ਦੀ ਇਹ ਪਹਿਲ ਸਿਰਫ਼ ਤਕਨੀਕ ਦੇ ਸਹੀ ਇਸਤੇਮਾਲ ਦੀ ਮਿਸਾਲ ਹੀ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ ਲਈ ਦਿਨ-ਰਾਤ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਜਵਾਨਾਂ ਪ੍ਰਤੀ ਸਨਮਾਨ, ਸਤਿਕਾਰ ਤੇ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਵੀ ਹੈ। “ਸੈਨਿਕ ਸਮਾਧਾਨ ਉਪਰਾਲਾ” ਦੇ ਨਾਲ ਹੁਣ ਫੌਜੀ ਤੇ ਪੈਰਾ ਮਿਲਟਰੀ ਜਵਾਨ ਘਰ ਤੋਂ ਦੂਰ ਰਹਿੰਦੇ ਹੋਏ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।