ਸਫਾਈ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ, ਪੜਤਾਲ ਤੋਂ ਬਾਅਦ ਇੱਕ ਵਿਅਕਤੀ ਦੇ ਖਿਲਾਫ ਕੇਸ ਦਰਜ
ਸਫਾਈ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ
Publish Date: Fri, 01 May 2026 06:16 PM (IST)
Updated Date: Fri, 01 May 2026 06:17 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਮਾਮੂਲੀ ਤਕਰਾਰ ਤੋਂ ਬਾਅਦ ਨਾਲੀ ਮੁਹੱਲਾ ਵਿਚ ਇਕ ਸਫਾਈ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਰੂ ਨਾਨਕਪੁਰਾ ਸਿਵਲ ਲਾਈਨ ਦੇ ਰਹਿਣ ਵਾਲੇ ਦਮਨਜੀਤ ਦੀ ਸ਼ਿਕਾਇਤ ’ਤੇ ਨਾਲ ਹੀ ਮੁਹੱਲਾ ਦੇ ਵਾਸੀ ਸਾਹਿਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦਮਨਜੀਤ ਨੇ ਦੱਸਿਆ ਕਿ ਉਹ ਨਗਰ ਨਿਗਮ ਵਿਭਾਗ ਵਿਚ ਪ੍ਰਾਈਵੇਟ ਤੌਰ ’ਤੇ ਬਤੌਰ ਸਫਾਈ ਕਰਮਚਾਰੀ ਕੰਮ ਕਰਦਾ ਹੈ। ਉਹ ਨਾਲ ਹੀ ਮੁਹੱਲਾ ਇਲਾਕੇ ਵਿਚ ਘਰਾਂ ਦਾ ਵੇਸਟ ਕੂੜਾ ਚੁੱਕਦਾ ਹੈ। ਕੂੜਾ ਚੁੱਕਣ ਦੇ ਬਦਲੇ ਹਰ ਘਰ ਉਸਨੂੰ 50 ਰੁਪਏ ਮਹੀਨਾ ਦਿੰਦਾ ਹੈ। ਬੀਤੇ ਦਿਨੀਂ ਉਹ ਨਾਲ ਹੀ ਮੁਹੱਲਾ ਸਥਿਤ ਸਾਹਿਲ ਦੇ ਘਰੋਂ ਪੈਸੇ ਲੈਣ ਗਏ ਤਾਂ ਉਸ ਨੇ ਪੈਸੇ ਦੇਣ ਤੋਂ ਸਾਫ ਤੌਰ ਤੇ ਮਨ੍ਹਾ ਕਰ ਦਿੱਤਾ। ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਭੜਕੇ ਸਾਹਿਲ ਨੇ ਦਮਨਜੀਤ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਇਹ ਆਖਿਆ ਕਿ ਅੱਜ ਤੋਂ ਬਾਅਦ ਉਹ ਇਲਾਕੇ ਵਿਚ ਨਾ ਵੜੇ। ਦਮਨਜੀਤ ਦੇ ਮੁਤਾਬਕ ਉਹ ਅਗਲੇ ਦਿਨ ਨਾਲੀ ਮੁਹੱਲਾ ਵਿਚ ਆਪਣਾ ਕੰਮ ਕਰ ਰਿਹਾ ਸੀ, ਇਸੇ ਦੌਰਾਨ ਸਾਹਿਲ ਉੱਥੇ ਆ ਗਿਆ ਅਤੇ ਗਾਲੀ-ਗਲੋਚ ਕਰਨ ਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਿਆ। ਮੁਲਜ਼ਮ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਉਧਰ ਇਸ ਮਾਮਲੇ ਵਿਚ ਏਐੱਸਆਈ ਸੋਮਨਾਥ ਨੇ ਦੱਸਿਆ ਕਿ ਪੁਲਿਸ ਨੇ ਦਮਨਜੀਤ ਦੀ ਸ਼ਿਕਾਇਤ ’ਤੇ ਨਾਲੀ ਮੁਹੱਲਾ ਦੇ ਵਾਸੀ ਸਾਹਿਲ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।