ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਆਪ ਤੇ ਭਾਜਪਾ ਵਰਕਰਾਂ ਵਿੱਚ ਹੋਈ ਝੜਪ

-ਕੈਬਨਿਟ ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਪ ਨੇ ਕੀਤਾ ਰੋਸ ਪ੍ਰਦਰਸ਼ਨ
-ਭਾਜਪਾ ਦੇ ਦਫਤਰ ਅੱਗੇ ਫੂਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪੁਤਲੇ
-ਭਾਜਪਾਈਆਂ ਦਾ ਦੋਸ਼-ਆਪ ਵਰਕਰਾਂ ਨੇ ਗੁੰਡਾਗਰਦੀ ਕਰਦੇ ਕੀਤੀ ਦਫ਼ਤਰ ਦੀ ਭੰਨਤੋੜ
-ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਆਪ ਤੇ ਭਾਜਪਾ ਵਰਕਰਾਂ ਨੂੰ ਕੀਤਾ ਵੱਖੋ-ਵੱਖ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਮਾਡਲ ਟਾਊਨ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਪ ਦੇ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ ਖਿਲਾਫ ਜੌਰਦਾਰ ਟਾਅਰੇਬਾਜੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਵੀ ਫੂਕ ਗਏ। ਮੌਕੇ ਦੀ ਸਥਿਤੀ ਉਸ ਵੇਲੇ ਵਿਗੜਦੀ ਨਜ਼ਰ ਆਈ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਵਿੱਚ ਦਾਖਲ ਹੋਕੇ ਪੁਤਲੇ ਫੂਕਣ ਦੀ ਕੋਸ਼ਿਸ਼ ਕੀਤੀ। ਇਸ ਦੀ ਜਾਣਕਾਰੀ ਮਿਲਦੇ ਹੀ ਭਾਜਪਾ ਦੇ ਆਗੂ ਅਤੇ ਵਰਕਰ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਵਿੱਚ ਬਾਹਰ ਨਿਕਲ ਆਏ। ਜਿਸ ਤੋਂ ਬਾਅਦ ਦੋਨੋਂ ਧਿਰਾਂ ਦੇ ਆਗੂ ਤੇ ਵਰਕਰ ਆਹਮੋ-ਸਾਹਮਣੇ ਹੋ ਗਏ ਅਤੇ ਉਨ੍ਹਾਂ ਦੀ ਆਪਸ ਵਿੱਚ ਝੜਪ ਹੋ ਗਈ। ਮੌਕੇ ਦੀ ਸਥਿਤੀ ਨੂੰ ਤਣਾਅਪੂਰਨ ਹੁੰਦੇ ਦੇਖ ਮੌਕੇ ਤੇ ਮੌਜੂਦ ਪੁਲਿਸ ਨੇ ਭਾਜਪਾ ਦੇਦਫ਼ਤਰ ਦੇ ਗੇਟ ਬੰਦ ਕਰ ਦਿੱਤਾ ਅਤੇ ਦੋਵਾਂ ਧਿਰਾਂ ਨੂੰ ਵੱਖ ਵੱਖ ਕਰਨ ਲਈ ਮਸ਼ੱਕਤ ਸ਼ੁਰੂ ਕੀਤੀ।
ਪ੍ਰਦਰਸ਼ਨ ਦੌਰਾਨ ਹੋਈ ਝੜਪ ਵਿੱਚ ਭਾਜਪਾ ਦੇ ਵਰਕਰ ਸਿਧਾਰਥ ਮੌਦਗਿਲ, ਯੋਗੇਸ਼ ਸ਼ਰਮਾ ਅਤੇ ਸੁਮਿਤ ਟੰਡਨ ਫੱਟੜ ਹੋ ਗਏ। ਦੋਵੇਂ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਕਾਫ਼ੀ ਸਮੇਂ ਤੱਕ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਜਦਕਿ ਪੁਤਲੇ ਫੂਕਣ ਤੋਂ ਬਾਅਦ ਆਪ ਦੇ ਆਗੂ ਤੇ ਵਰਕਰ ਵਾਪਸ ਜਾਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਸਥਿਤੀ ਸ਼ਾਤ ਹੋਈ। ਐਤਵਾਰ ਸਵੇਰੇ ਤੋਂ ਆਪ ਦੇ ਆਗੂ ਤੇ ਵਰਕਰ ਗਿੱਲ ਰੋਡ ਸਥਿਤ ਦਾਣਾ ਮੰਡੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਦੀ ਜਾਣਕਾਰੀ ਤੋਂ ਬਾਅਦ ਭਾਜਪਾ ਦੇ ਵਰਕਰ ਵੀ ਦਫ਼ਤਰ ਪੁੱਜ ਗਏ। ਕੁਝ ਦੇਰ ਬਾਅਦ ਆਪ ਦੇ ਵਰਕਰ ਸ਼ਹਿਰੀ ਪ੍ਰਧਾਨ, ਕੈਬਨਿਟ ਮੰਤਰੀ, ਮੇਅਰ ਅਤੇ ਵਿਧਾਇਕਾਂ ਦੀ ਅਗਵਾਈ ਵਿੱਚ ਨਾਅਰੇਬਾਜੀ ਕਰਦੇ ਹੋਏ ਭਾਜਪਾ ਦਘਤਰ ਦੇ ਬਾਹਰ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਿਸ ਦੇ ਚੱਲਦੇ ਇਲਾਕੇ ਵਿੱਚ ਲਗਭਗ ਅੱਧੇ ਘੰਟੇ ਤੱਕ ਤਣਾਅ ਬਣਿਆ ਰਿਹਾ, ਪਰ ਦੋਨੋਂ ਧਿਰਾਂ ਦੇ ਵੱਖ ਵੱਖ ਹੋਣ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ। ਆਪ ਦੇ ਪ੍ਰਦਰਸ਼ਨ ਵਿੱਚ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਅਸ਼ੋਕ ਪਰਾਸ਼ਰ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸੇਮਤ ਬਹੁਤ ਸਾਰੇ ਆਗੂ ਅਅੇ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਮੌਜੂਦ ਸਨ। ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਜਨਰਲ ਸਕੱਤਰ ਅਨਿਲ ਸਰੀਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ, ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਕਈ ਕੌਂਸਲਰ ਹਾਜ਼ਰ ਸਨ।
ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਕੇਂਦਰ ਸਰਕਾਰ-ਮੁੰਡੀਆਂ
ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਕਾਰਵਾਈ ਹੈ। ਭਾਜਪਾ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਤੋਂ ਚਿੰਤਤ ਹੈ ਅਤੇ ਇਸੇ ਲਈ ਆਪ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿੱਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਗਿਆ ਸੀ, ਪਰ ਇਸ ਦਾ ਕੁਝ ਵੀ ਨਹੀਂ ਨਿਕਲਿਆ। ਆਗੂਆਂ ਨੇ ਕਿਹਾ ਕਿ ਭਾਜਪਾ ਆਪ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸਾ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ।
ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਡਰਾਉਣ ਲਈ ਕੀਤੀ ਗੁੰਡਾਗਰਦੀ-ਧੀਮਾਨ
ਦੂਜੇ ਪਾਸੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਚੜਦੀ ਕਲਾ ਨੂੰ ਦੇਖ ਆਪ ਦੇ ਆਗੂ ਅਤੇ ਵਰਕਰ ਘਬਰਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਅੱਜ ਉਨ੍ਹਾਂ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਡਰਾਉਣ ਲਈ ਗੁੰਡਾਗਰਦੀ ਕਰਦੇ ਹੋਏ ਭਾਜਪਾ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ ਸਾਡੇ ਆਗੂਆਂ ਤੇ ਵਰਕਰਾਂ ਨੂੰ ਫੱਟੜ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਕਾਨੂੰਨੀ ਤੌਰ 'ਤੇ ਕੀਤੀ ਗਈ ਹੈ। ਕਿਉਕਿ ਈਡੀ ਕੋਲ ਉਨ੍ਹਾਂ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਸਬੂਤ ਹਨ। ਜਿਸ ਤੋਂ ਬਾਅਦ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਦੇ ਕਈ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਤੇ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ।