ਖਤਰੇ ਤੋਂ ਬੇਖ਼ਬਰ ਬੱਚੇ ਗਰਮੀ ਤੋਂ ਰਾਹਤ ਲਈ ਨਹਿਰਾਂ ਵਿੱਚ ਲਗਾ ਰਹੇ ਨੇ ਗੋਤੇ

-ਕਈ ਜਾਨਲੇਵਾ ਹਾਦਸਿਆਂ ਦੇ ਬਾਵਜੂਦ ਮਾਪੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਕਰ ਰਹੇ ਨਜ਼ਰਅੰਦਾਜ਼
---
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਆਲਮੀ ਪੱਧਰ ਅਤੇ ਖ਼ਾਸ ਕਰ ਕੇ ਉੱਤਰੀ ਭਾਰਤ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਦੇ ਕਹਿਰ ਕਾਰਨ ਇਸ ਸੀਜ਼ਨ ਵਿੱਚ ਇੱਕ ਵਾਰ ਫਿਰ ਤੋਂ ਨਹਿਰਾਂ ਦੇ ਡੂੰਘੇ ਪਾਣੀ ਵਿੱਚ ਡੁੱਬਣ ਦੇ ਖਤਰੇ ਤੋਂ ਬੇਖਬਰ ਬੱਚੇ ਹੀ ਨਹੀਂ ਨੌਜਵਾਨ ਅਤੇ ਅੱਧਖੜ ਵਿਅਕਤੀਆਂ ਨੂੰ ਨਹਿਰ ਵਿੱਚ ਤਾਰੀਆਂ ਲਗਾਉਂਦੇ ਆਮ ਵੇਖਿਆ ਜਾ ਰਿਹਾ ਹੈ। ਹਲਾਂਕਿ ਪ੍ਰਸ਼ਾਸਨ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪ੍ਰੈਸ ਨੋਟ ਜਾਰੀ ਕਰਕੇ ਦਰਿਆਵਾਂ, ਨਹਿਰਾਂ ਤੇ ਸੂਇਆਂ ਵਿੱਚ ਨਹਾਉਣ ਉੱਪਰ ਪਾਬੰਦੀ ਦੇ ਹੁਕਮ ਜਾਰੀ ਕਰਨ ਦੀ ਕਸਰਤ ਕਰਕੇ ਹੱਥ ਝਾੜ ਲਏ ਜਾਣਗੇ। ਬਰਸਾਤੀ ਸੀਜਨ ਸਿਰ ਤੇ ਹੈ ਅਤੇ ਬਰਸਾਤਾਂ ਵਿੱਚ ਸਾਰੇ ਹੀ ਨਦੀਆਂ ਨਾਲੇ ਉਫਾਨ ਤੇ ਚੜ੍ਹ ਆਉਂਦੇ ਹਨ, ਅਜਿਹੇ ਹਾਲਾਤ ਵਿੱਚ ਡੁੱਬਣ ਦੀਆਂ ਦੁਰਘਟਨਾਵਾਂ ਵਿੱਚ ਵਾਧਾ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਲਗਾਤਾਰ ਹਰ ਸਾਲ ਮਹਾਨਗਰ ਵਿੱਚੋਂ ਲੰਘਣ ਵਾਲੀਆਂ ਨਹਿਰਾਂ, ਸਤਲੁਜ ਦਰਿਆ ਅਤੇ ਨਾਲਿਆਂ ਵਿੱਚ ਡੁੱਬਣ ਕਾਰਨ ਅਣਗਿਣਤ ਕੀਮਤੀ ਜਾਨਾਂ ਜਾਇਆ ਹੋ ਚੁੱਕੀਆਂ ਹਨ। ਜਦੋਂ ਵੀ ਕੋਈ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਕੁਝ ਦਿਨ ਦੀ ਸਖਤੀ ਮਗਰੋਂ ਫਿਰ ਹਾਲਾਤ ਉਸੇ ਤਰ੍ਹਾਂ ਦੇ ਬਣ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗਰਮੀ ਦੇ ਦਿਨਾਂ ਵਿੱਚ ਇੱਕੋ ਘਰ ਦੇ ਦੋ ਬੱਚਿਆਂ ਸਮੇਤ ਕਈ ਬੱਚੇ ਡੁੱਬਣ ਕਾਰਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਸਤਲੁਜ ਦਰਿਆ ਵਿੱਚ ਵੀ ਇੱਕ ਮੰਦਭਾਗੀ ਘਟਨਾ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਚਿੰਤਾ ਵਾਲੀ ਗੱਲ ਇਹ ਹੈ ਕਿ ਆਏ ਸਾਲ ਨਹਿਰਾਂ, ਨਾਲਿਆਂ ਵਿੱਚ ਡੁੱਬਣ ਕਾਰਨ ਕੀਮਤੀ ਜਾਨਾਂ ਜਾਣ ਦੀਆਂ ਅਣਗਿਣਤ ਘਟਨਾਵਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਮਹਿਜ ਪ੍ਰੈਸ ਨੋਟ ਜਾਰੀ ਕਰਨ ਤੱਕ ਹੀ ਸੀਮਿਤ ਹੈ। ਇੱਕਾ ਦੁੱਕਾ ਵਾਰ ਪੀਸੀਆਰ ਮੁਲਾਜ਼ਮ ਗੇੜਾ ਮਾਰ ਕੇ ਬੱਚੇ ਭਜਾਉਣ ਦੀ ਖਾਨਾ ਪੁਰਤੀ ਕਰਕੇ ਆਪਣਾ ਫਰਜ ਪੂਰਾ ਕਰਕੇ ਚੱਲਦੇ ਬਣਦੇ ਹਨ। ਵਕਤ ਦੀ ਜਰੂਰਤ ਹੈ ਕਿ ਅਜਿਹੇ ਖਤਰਨਾਕ ਢੰਗ ਨਾਲ ਨਹਿਰਾਂ ਵਿੱਚ ਨਹਾਉਣ ਆਉਣ ਵਾਲੇ ਬੱਚਿਆਂ ਤੋਂ ਪੁੱਛ ਗਿੱਛ ਕਰਕੇ ਉਨ੍ਹਾਂ ਦੇ ਮਾਪਿਆਂ ਖਿਲਾਫ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਸ਼ੌਕ ਤੋਂ ਦੂਰ ਰੱਖਣ ਵਿੱਚ ਆਪਣਾ ਬਣਦਾ ਰੋਲ ਜਿੰਮੇਵਾਰੀ ਨਾਲ ਅਦਾ ਕਰਨ। ਬੱਚਿਆਂ ਨੂੰ ਅਜਿਹਾ ਖਤਰਾ ਮੁੱਲ ਲੈਣ ਤੋਂ ਪਹਿਲਾਂ ਹੀ ਰੋਕਣ ਲਈ ਗਰਮੀ ਦੇ ਸੀਜਨ ਵਿੱਚ ਵਿਸ਼ੇਸ਼ ਤੌਰ ਤੇ ਨਹਿਰ ਦੇ ਨਾਲ ਨਾਲ ਪੁਲਿਸ ਦੀ ਗਸ਼ਤ ਜਾਰੀ ਰਹੇ।
---
ਵਿਧਾਇਕ ਸਿੱਧੂ ਨੇ ਕੀਤੀ ਸੀ ਪਹਿਲਕਦਮੀ
ਪਿਛਲੇ ਸਾਲ ਗਰਮੀ ਦੇ ਸੀਜ਼ਨ ਵਿੱਚ ਬੱਚਿਆਂ ਨੂੰ ਨਹਿਰ ਵਿੱਚ ਤਾਰੀਆਂ ਮਾਰਦੇ ਵੇਖ ਨਹਿਰ ਕੋਲੋਂ ਲੰਘ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਆਪਣੇ ਕਾਫ਼ਲੇ ਸਮੇਤ ਰੁਕੇ ਅਤੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਸਖਤ ਤਾੜਨਾ ਕੀਤੀ। ਬੱਚਿਆਂ ਨੇ ਗਰਮੀ ਜ਼ਿਆਦਾ ਹੋਣ ਦਾ ਹਵਾਲਾ ਦਿੱਤਾ ਤਾਂ ਉਨ੍ਹਾਂ ਜੇਬ ਵਿੱਚੋਂ ਕੁਝ ਪੈਸੇ ਦੇ ਕੇ ਨਹਿਰ ਵਿੱਚ ਨਹਾਉਣ ਦੀ ਥਾਂ ਗਰਮੀ ਤੋਂ ਬਚਣ ਲਈ ਨੀਂਬੂ ਪਾਣੀ ਪੀਣ ਲਈ ਕਿਹਾ। ਉਨ੍ਹਾਂ ਇਲਾਕਾ ਪੁਲਿਸ ਨੂੰ ਵੀ ਬੱਚਿਆਂ ਨੂੰ ਨਹਿਰਾਂ ਵਿੱਚ ਨਹਾਉਣ ਤੋਂ ਰੋਕਣ ਲਈ ਪਹਿਲ ਕਦਮੀ ਕਰਨ ਦੀ ਹਿਦਾਇਤ ਵੀ ਕੀਤੀ ਸੀ, ਪਰ ਹਾਲਾਤ ਫਿਰ ਉਥੋਂ ਦੇ ਉਥੇ ਹੀ ਹਨ।