ਚੱਲਦੀ ਟਰੇਨ ਤੋਂ ਉਤਰਨ ਲੱਗੇ ਲਪੇਟ ’ਚ ਆਇਆ ਬੱਚਾ ਗੰਭੀਰ ਜ਼ਖ਼ਮੀ
ਚਲਦੀ ਟਰੇਨ ਤੋਂ ਉਤਰਨ ਲੱਗੇ ਲਪੇਟ ਵਿੱਚ ਆਇਆ ਬੱਚਾ ਗੰਭੀਰ ਫੱਟੜ
Publish Date: Mon, 06 Oct 2025 09:33 PM (IST)
Updated Date: Tue, 07 Oct 2025 04:11 AM (IST)

ਚੱਲਦੀ ਗੱਡੀ ਤੇ ਪਲੇਟਫਾਰਮ ਵਿਚਕਾਰ ਫਸਿਆ, ਕੱਟਣੀ ਪਈ ਲੱਤ ਪਿਤਾ ਨੇ ਲਾਏ ਯਾਤਰੀ ਵੱਲੋਂ ਧੱਕਾ ਦੇਣ ਦੇ ਦੋਸ਼ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਹੋਈ ਇੱਕ ਮੰਦਭਾਗੀ ਦੁਰਘਟਨਾ ’ਚ 5 ਸਾਲ ਦਾ ਬੱਚਾ ਆਭਾਸ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਜਲਦਬਾਜ਼ੀ ’ਚ ਟਰੇਨ ਤੋਂ ਉਤਰਨ ਲੱਗੇ ਬੱਚੇ ਦਾ ਸੰਤੁਲਨ ਵਿਗੜਿਆ ਅਤੇ ਉਹ ਟਰੇਨ ਅਤੇ ਪਲੇਟਫਾਰਮ ਵਿਚਾਲੇ ਗੈਪ ’ਚ ਫਸ ਗਿਆ, ਜਿਸ ਕਾਰਨ ਟਰੇਨ ਦਾ ਪਹੀਆ ਲੱਤ ਉਪਰੋਂ ਲੰਘਣ ਨਾਲ ਉਸ ਦੀ ਲੱਤ ਗੰਭੀਰ ਹਾਲਤ ’ਚ ਨੁਕਸਾਨੀ ਗਈ। ਇਸ ਘਟਨਾ ਦਾ ਪਤਾ ਲੱਗਣ ਮਗਰੋਂ ਫੱਟੜ ਹੋਏ ਬੱਚੇ ਨੂੰ ਇਲਾਜ ਲਈ ਸਥਾਨਕ ਸੀਐੱਮਸੀ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਵੇਖਦੇ ਹੋਏ ਦਿੱਲੀ ਤੇ ਫਿਰ ਮੇਰਠ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੱਕ ਪਰਿਵਾਰ ਦੇ 2 ਬੱਚੇ ਆਪਣੇ ਮਾਤਾ-ਪਿਤਾ ਨਾਲ ਲੁਧਿਆਣਾ ਤੋਂ ਮੁਜ਼ੱਫਰਨਗਰ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਇੰਟਰਸਿਟੀ ਐਕਸਪ੍ਰੈੱਸ ਗੱਡੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਪਰਿਵਾਰ ਇਸ ਗੱਡੀ ’ਤੇ ਸਵਾਰ ਹੋਣ ਲਈ ਟਰੇਨ ਦੇ ਨਾਲ-ਨਾਲ ਤੇਜ਼ੀ ਨਾਲ ਚੱਲਣ ਲੱਗ ਪਿਆ। ਆਪਣੇ 2 ਬੱਚਿਆਂ ਨੂੰ ਨਾਲ ਲੈ ਕੇ ਮਾਂ ਬੈਗ ਚੁੱਕ ਕੇ ਪਲੇਟਫਾਰਮ ਤੋਂ ਟਰੇਨ ਅੰਦਰ ਚੜ੍ਹਨ ਲੱਗੀ ਤਾਂ ਪਹਿਲਾਂ ਉਸ ਨੇ ਆਪਣੇ ਇੱਕ ਬੱਚੇ ਨੂੰ ਡੱਬੇ ’ਚ ਚੜ੍ਹਾ ਦਿੱਤਾ, ਜਦੋਂ ਤੱਕ ਉਹ ਆਪਣਾ ਸਾਮਾਨ ਅਤੇ ਦੂਸਰੇ ਬੱਚੇ ਨੂੰ ਡੱਬੇ ’ਚ ਚੜ੍ਹਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਅਚਾਨਕ ਟਰੇਨ ਤੇਜ਼ ਹੋ ਗਈ। ਮਾਂ ਨੂੰ ਲੱਗਿਆ ਕਿ ਉਹ ਆਪਣੇ ਦੂਜੇ ਬੱਚੇ ਤੇ ਸਾਮਾਨ ਨੂੰ ਡੱਬੇ ਅੰਦਰ ਨਹੀਂ ਚੜ੍ਹਾ ਸਕਦੀ ਤਾਂ ਉਸ ਨੇ ਪਹਿਲਾਂ ਤੋਂ ਟਰੇਨ ’ਚ ਚੜ੍ਹਾਏ ਆਪਣੇ 5 ਸਾਲ ਦੇ ਬੇਟੇ ਨੂੰ ਡੱਬੇ ’ਚੋਂ ਉਤਰਨ ਲਈ ਆਵਾਜ਼ ਮਾਰੀ। ਹਾਲਾਤ ਨੂੰ ਸਮਝਦੇ ਹੋਏ ਡੱਬੇ ’ਚ ਸਵਾਰ ਯਾਤਰੀ ਨੇ ਉਸ ਬੱਚੇ ਦੀ ਮਾਂ ਦੇ ਕਹਿਣ ’ਤੇ ਬੱਚੇ ਨੂੰ ਟਰੇਨ ਤੋਂ ਉਤਾਰਨ ’ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਡੱਬੇ ਚੋਂ ਉਤਰਨ ਵੇਲੇ ਬੱਚੇ ਦਾ ਸੰਤੁਲਨ ਵਿਗੜ ਗਿਆ। ਉਸ ਨੇ ਪਲੇਟਫਾਰਮ ’ਤੇ ਪੈਰ ਧਰਨ ਦੀ ਬਜਾਏ ਟਰੇਨ ਦੀ ਪੌੜੀ ’ਤੇ ਹੀ ਦੂਜਾ ਪੈਰ ਧਰ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਡੱਬੇ ਦੀਆਂ ਪੌੜੀਆਂ ਤੇ ਪਲੇਟਫਾਰਮ ’ਚ ਕਾਰ ਫਸ ਗਿਆ। ਕੁਝ ਸੈਕਿੰਡਾਂ ’ਚ ਹੀ ਟਰੇਨ ਦਾ ਪਹੀਆ ਉਸ ਦੀ ਲਟਕ ਰਹੀ ਲੱਤ ’ਤੇ ਪੈਰ ਤੋਂ ਲੰਘਿਆ ਤੇ ਉਸ ਦਾ ਪੇਰ ਕੱਟਿਆ ਗਿਆ। ਪਲੇਟਫਾਰਮ ’ਤੇ ਹਾਜ਼ਰ ਕੋਈ ਲੋਕਾਂ ਨੇ ਇਹ ਸਾਰਾ ਮੰਜ਼ਰ ਦੇਖਿਆ ਤਾਂ ਕਿਸੇ ਤਰ੍ਹਾਂ ਹਿੰਮਤ ਕਰ ਕੇ ਇਸ ਬੱਚੇ ਨੂੰ ਪਲੇਟਫਾਰਮ ਤੇ ਟਰੇਨ ’ਚੋਂ ਕਿਸੇ ਤਰ੍ਹਾਂ ਖਿੱਚ ਕੇ ਬਾਹਰ ਕੱਢ ਲਿਆ। ਸ਼ੁਰੂਆਤੀ ਪੜਤਾਲ ’ਚ ਸਾਹਮਣੇ ਆਇਆ ਕੀ ਹਾਦਸੇ ਦਾ ਸ਼ਿਕਾਰ 5 ਸਾਲ ਦਾ ਲੜਕਾ ਆਭਾਸ ਦੂਸਰੀ ਜਮਾਤ ’ਚ ਪੜ੍ਹਦਾ ਹੈ। ਉਹ ਆਪਣੇ ਪਿਤਾ ਸੰਦੀਪ ਮਾਂ ਤੇ ਭਰਾ ਨਾਲ ਮੁਜ਼ੱਫਰਪੁਰ ਜਾ ਰਹੇ ਸਨ। ਆਰਥਿਕ ਤੌਰ ’ਤੇ ਕਮਜ਼ੋਰ ਸੰਦੀਪ ਮਤਾਬਕ ਉਹ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਸੀਐੱਮਸੀ ਹਸਪਤਾਲ ਲੈ ਆਏ, ਪਰ ਇਲਾਜ ਮਹਿੰਗਾ ਹੋਣ ਕਾਰਨ ਫੱਟੜ ਬੱਚੇ ਨੂੰ ਦਿੱਲੀ ਰੈਫਰ ਕਰਵਾ ਲਿਆ। ਦਿੱਲੀ ਪੁੱਜਣ ’ਤੇ ਪਤਾ ਲੱਗਾ ਕਿ ਉਸ ਦਾ ਸੀਮਿਤ ਕੈਸ਼ ’ਚ ਦਿੱਲੀ ਵੀ ਇਲਾਜ ਸੰਭਵ ਨਹੀਂ, ਜਿਸ ਕਾਰਨ ਉਸ ਨੂੰ ਮੇਰਠ ਭੇਜ ਦਿੱਤਾ ਗਿਆ ਹੈ। ਪਰਿਵਾਰ ਨੇ ਸਰਕਾਰ ਨੂੰ ਅਰਜ਼ ਲਾਈ ਕਿ ਉਹ ਆਪਣੇ ਬੱਚੇ ਦਾ ਮਹਿੰਗਾ ਇਲਾਜ ਕਰਵਾਉਣ ’ਚ ਸਮਰੱਥ ਨਹੀਂ ਹਨ। ਇਸ ਲਈ ਸਰਕਾਰੀ ਤੌਰ ’ਤੇ ਬੱਚੇ ਦੀ ਇਲਾਜ ਲਈ ਫੰਡ ਜਾਰੀ ਕੀਤਾ ਜਾਵੇ। ਉਧਰ ਥਾਣਾ ਜੀਆਰਪੀ ਦੇ ਮੁੱਖ ਅਫਸਰ ਕੁਲਵਿੰਦਰ ਸਿੰਘ ਮੁਤਾਬਕ ਪਲੇਟਫਾਰਮ ਨੰ. ਇੱਕ ’ਤੇ ਹੋਏ ਇਸ ਹਾਦਸੇ ਦੀ ਮੁੱਢਲੀ ਪੜਤਾਲ ਲਈ ਪਲੇਟਫਾਰਮ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਗਈ ਹੈ। ਫੁਟੇਜ ਤੋਂ ਪਤਾ ਲੱਗਾ ਕਿ ਲੜਕੇ ਦੀ ਮਾਂ ਬੱਚੇ ਨੂੰ ਡੱਬੇ ’ਚ ਚੜ੍ਹਾਉਣ ਮਗਰੋਂ ਟਰੇਨ ਦੇ ਨਾਲ-ਨਾਲ ਦੌੜ ਰਹੀ ਸੀ, ਜਦੋਂ ਉਹ ਆਪਣੇ ਦੂਜੇ ਬੱਚੇ ਨੂੰ ਡੱਬੇ ’ਚ ਨਾ ਚੜ੍ਹਾ ਸਕੀ ਤਾਂ ਉਸ ਨੇ ਡੱਬੇ ’ਚ ਚੜ੍ਹੇ ਆਪਣੇ ਲੜਕੇ ਨੂੰ ਬਾਹਰ ਉਤਰਨ ਲਈ ਰੌਲਾ ਪਾ ਕੇ ਸੱਦਣਾ ਸ਼ੁਰੂ ਕਰ ਦਿੱਤਾ। ਕਿਸੇ ਯਾਤਰੀ ਨੇ ਬੱਚੇ ਨੂੰ ਉਤਾਰਨ ’ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਘਟਨਾਕ੍ਰਮ ’ਚ ਬੱਚਾ ਪਲੇਟਫਾਰਮ ਦੀ ਥਾਂ ’ਤੇ ਡੱਬੇ ਦੀਆਂ ਪੌੜੀਆਂ ਵਿਚਕਾਰ ਫਸ ਗਿਆ, ਜਿਸ ਕਾਰਨ ਇਹ ਹਾਦਸਾ ਹੋਇਆ।