ਚੇਅਰਮੈਂਨ ਤਰਸੇਮ ਸਿੰਘ ਭਿੰਡਰ ਨੇ ਲਿਆ ਅਟੱਲ ਅਪਾਰਟਮੈਂਟ ਪ੍ਰਜੈਕਟ ਦਾ ਜਾਇਜ਼ਾ

ਸਾਲ 2026 ਦੇ ਅੰਤ ਤੱਕ ਅਲਾਟੀਆਂ ਨੂੰ ਫਲੈਟਾਂ ਦੇ ਕਬਜ਼ੇ ਦੇਣ ਦਾ ਦਿੱਤਾ ਭਰੋਸਾ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਸ਼ਹਿਰ ਦੇ ਪੱਖੋਵਾਲ ਰੋਡ ਦੇ ਨਜ਼ਦੀਕ ਅਟੱਲ ਅਪਾਰਟਮੈਂਟ ਦੇ ਚੱਲ ਰਹੇ ਪ੍ਰੋਜੈਕਟ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਸਾਈਟ ‘ਤੇ ਚੱਲ ਰਹੇ ਨਿਰਮਾਣ ਕੰਮਾਂ ਦੀ ਗਤੀ, ਗੁਣਵੱਤਾ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਮੌਕੇ ਤੇ ਮੌਜੂਦ ਟਰੱਸਟ ਦੇ ਅਧਿਕਾਰੀਆਂ ਤੇ ਠੇਕੇਦਾਰ ਕੰਪਨੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਚੇਅਰਮੈਨ ਭਿੰਡਰ ਨੇ ਸਪਸ਼ਟ ਕੀਤਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਬਣਾਏ ਜਾ ਰਹੇ ਐਚਆਈਜੀ ਅਤੇ ਐਮਆਈਜੀ ਫਲੈਟਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਟਰੱਸਟ ਦੀ ਪੂਰੀ ਕੋਸ਼ਿਸ਼ ਹੈ ਕਿ ਸਾਲ 2026 ਦੇ ਅੰਤ ਤੱਕ ਸਾਰੇ ਆਲਾਟੀਆਂ ਨੂੰ ਫਲੈਟਾਂ ਦੇ ਕਬਜ਼ੇ ਸੌਂਪ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਲੋਕ ਆਪਣੀ ਜ਼ਿੰਦਗੀ ਦੀ ਕਮਾਈ ਇਨ੍ਹਾਂ ਫਲੈਟਾਂ ਤੇ ਲਗਾ ਰਹੇ ਹਨ, ਇਸ ਲਈ ਅਲਾਟੀਆਂ ਨੂੰ ਸਮੇਂ ਸਿਰ ਫਲੈਟਾਂ ਦਾ ਕਬਜ਼ਾ ਦੇਣਾ ਟਰੱਸਟ ਦੀ ਮੁੱਢਲੀ ਜਿੰਮੇਵਾਰ ਹੈ।
ਪ੍ਰਜੈਕਟ ਵਾਲੇ ਸਥਾਨ ਤੇ ਪੁੱਜੇ ਚੇਅਰਮੈਨ ਭਿੰਡਰ ਨੇ ਠੇਕੇਦਾਰ ਕੰਪਨੀਆਂ ਨੂੰ ਨਿਰਮਾਣ ਦੀ ਗੁਣਵੱਤਾ ‘ਤੇ ਖਾਸ ਧਿਆਨ ਦੇਣ ਲਈ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਘਟੀਆ ਸਮੱਗਰੀ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਪੜਾਅ ‘ਤੇ ਟਰੱਸਟ ਦੀ ਇੰਜੀਨੀਅਰਿੰਗ ਟੀਮ ਵੱਲੋਂ ਨਿਰਮਾਣ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਨਿਰਮਾਣ ਵਿੱਚ ਉੱਚ ਮਿਆਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਚੇਅਰਮੈਨ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪ੍ਰੋਜੈਕਟ ਦੇ ਹਰੇਕ ਹਿੱਸੇ ਜਿਸ ਵਿੱਚ ਸੜਕਾਂ, ਪਾਣੀ ਦੀ ਸਪਲਾਈ ਦੀਆਂ ਲਾਈਨਾਂ, ਸੀਵਰੇਜ ਅਤੇ ਬਿਜਲੀ ਦੀ ਸੁਵਿਧਾ ਦਾ ਕੰਮ ਉੱਚ ਕਵਾਲਟੀ ਦਾ ਸਮਾਂ ਬੱਧ ਢੰਗ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਆਲਾਟੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਸਿਰਫ਼ ਉੱਚੀਆਂ ਇਮਾਰਤਾਂ ਬਣਾਉਣ ਤੱਕ ਸੀਮਿਤ ਨਹੀਂ, ਇਸ ਤਹਿਤ ਨਗਰ ਸੁਧਾਰ ਟਰੱਸਟ ਅਲਾਟੀਆਂ ਨੂੰ ਇੱਕ ਸੁਵਿਧਾਜਨਕ ਅਤੇ ਆਧੁਨਿਕ ਰਹਾਇਸ਼ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ‘ਤੇ ਮੌਜੂਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਚੇਅਰਮੈਨ ਨੂੰ ਭਰੋਸਾ ਦਬਾਇਆ ਕਿ ਸਾਰੇ ਕੰਮ ਉੱਚ ਮਿਆਰਾਂ ਨਾਲ ਨਿਰਧਾਰਿਤ ਸਮੇਂ ਵਿੱਚ ਪੂਰੇ ਕੀਤੇ ਜਾਣਗੇ।
ਇਸ ਮੌਕੇ ਤੇ ਚੇਅਰਮੈਂਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਵਿਚਲੀਆਂ ਟਰੱਸਟ ਦੀਆਂ ਸਕੀਮਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀ ਟੀਮ ਅਤੇ ਖਾਸ ਕਰ ਉਨ੍ਹਾਂ ਵੱਲੋਂ ਪ੍ਰੋਜੈਕਟ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਤਾਂ ਜੋ ਆਲਾਟੀਆਂ ਨੂੰ ਸਮੇਂ ਸਿਰ ਉਨ੍ਹਾਂ ਦੇ ਸੁਪਨਿਆਂ ਦਾ ਘਰ ਮਿਲ ਸਕੇ।