ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਚਾਰ ਜਣਿਆਂ ਦੇ ਖਿਲਾਫ ਪਰਚਾ ਦਰਜ
ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਚਾਰ ਜਣਿਆਂ ਦੇ ਖਿਲਾਫ ਪਰਚਾ ਦਰਜ
Publish Date: Mon, 18 May 2026 08:44 PM (IST)
Updated Date: Tue, 19 May 2026 04:10 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਥਾਣਾ ਸਮਰਾਲਾ ਦੀ ਪੁਲਿਸ ਨੇ ਸ਼ਿਕਾਇਤਕਰਤਾ ਵਿਵੇਕ ਪੁੱਤਰ ਜੋਗੀ ਰਾਮ ਵਾਸੀ ਜੀਟੀਬੀ ਨਗਰ ਲੁਧਿਆਣਾ, ਥਾਣਾ ਜਮਾਲਪੁਰ ਦੇ ਬਿਆਨਾਂ ਤੇ ਉਸਦੇ ਛੋਟੇ ਭਰਾ ਅਮਿਤ ਕੁਮਾਰ (43) ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਚਾਰ ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਅਵਤਾਰ ਚੰਦ ਨੇ ਦੱਸਿਆ ਤੇ ਸ਼ਿਕਾਇਤ ਕਰਤਾ ਵਿਵੇਕ ਨੇ ਆਪਣੇ ਬਿਆਨਾਂ ਚ ਪੁਲਿਸ ਨੂੰ ਲਿਖਵਾਇਆ ਕਿ ਮੈਂ ਅਤੇ ਮੇਰਾ ਛੋਟਾ ਭਰਾ ਅਮਿਤ ਕੁਮਾਰ ਕਰਿਆਨੇ ਦੀ ਦੁਕਾਨ ਤੇ ਕੰਮ ਕਰਦੇ ਸੀ। ਸਾਲ 2001 ਵਿੱਚ ਸਾਡੇ ਰਿਸ਼ਤੇਦਾਰ ਵਿਸ਼ਵਨਾਥ ਗੋਇਲ ਨਾਲ ਮਿਲ ਕੇ ਅਸੀਂ ਅਗਰਵਾਲ ਕਰਿਆਨਾ ਸਟੋਰ ਦਾ ਕੰਮ ਸਾਂਝੇ ਤੌਰ ਤੇ ਸ਼ੁਰੂ ਕੀਤਾ, ਮੈਂ ਤੇ ਮੇਰਾ ਭਰਾ ਸਾਡੇ ਰਿਸ਼ਤੇਦਾਰ ਗੋਇਲ ਨਾਲ ਮਿਲ ਕੇ ਜਿਹੜੀ ਵੀ ਪ੍ਰੋਪਰਟੀ ਖਰੀਦ ਕਰਦੇ ਸੀ ਉਸ ਪ੍ਰਾਪਰਟੀ ਨੂੰ ਅਸੀਂ ਵਿਸ਼ਵਨਾਥ ਗੋਇਲ ਦੇ ਨਾਮ ਪਰ ਦਰਜ ਕਰਵਾ ਲੈਂਦੇ ਸੀ। ਵਿਸ਼ਵਨਾਥ ਗੋਇਲ ਦੀ ਮਈ 2021 ਵਿੱਚ ਮੌਤ ਹੋ ਗਈ ਸੀ ਅਤੇ ਕਰਿਆਨੇ ਦੀ ਦੁਕਾਨ ਉਸ ਦੇ ਨਾਮ ਤੇ ਹੈ। ਦੀਪਕ ਗੋਇਲ ਪੁੱਤਰ ਵਿਸ਼ਵਨਾਥ ਗੋਇਲ ਦਿਨੇਸ਼ ਗੋਇਲ ਉਰਫ ਗੋਲੂ, ਰਿੰਕੂ ਗੋਇਲ ਉਰਫ ਕਾਲੂ ਤੇ ਉਹਨਾਂ ਦੀ ਮਾਤਾ ਕਿਰਨ ਗੋਇਲ ਵਾਸੀ ਪ੍ਰਸ਼ਾਂਤ ਵਿਹਾਰ, ਥਾਣਾ ਜੀਰਕਪੁਰ ਮੁਹਾਲੀ ਨੇ ਮਿਤੀ 15 ਮਈ 2026 ਨੂੰ ਮੇਰੇ ਭਰਾ ਅਮਿਤ ਕੁਮਾਰ ਅਤੇ ਸਾਡੇ ਰਿਸ਼ਤੇਦਾਰ ਵਿਸ਼ਵਨਾਥ ਗੋਇਲ ਨਾਲ ਮਿਲ ਕੇ ਸਾਡੀ ਖਰੀਦ ਕੀਤੀ ਜਾਇਦਾਦ ਅਤੇ ਕਰਿਆਨੇ ਦੀ ਦੁਕਾਨ ਨੂੰ ਧੋਖੇ ਨਾਲ ਜਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਭਰਾ ਅਮਿਤ ਕੁਮਾਰ ਨੂੰ ਬਹੁਤ ਜਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਅਮਿਤ ਕੁਮਾਰ ਨੇ ਨੀਲੋ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣੇਦਾਰ ਅਵਤਾਰ ਚੰਦ ਨੇ ਦੱਸਿਆ ਕਿ ਮ੍ਰਿਤਕ ਅਮਿਤ ਕੁਮਾਰ ਦੇ ਭਰਾ ਵਿਵੇਕ ਕੁਮਾਰ ਦੇ ਬਿਆਨਾਂ ਤੇ ਥਾਣਾ ਸਮਰਾਲਾ ਵਿਚ ਦੀਪਕ ਗੋਇਲ, ਦਿਨੇਸ਼ ਗੋਇਲ ਉਰਫ ਗੋਲੂ, ਰਿੰਕੂ ਗੋਇਲ ਉਰਫ ਕਾਲੂ ਅਤੇ ਕਿਰਨ ਗੋਇਲ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।