ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਚਾਰ ਲਈ ਉਮੀਦਵਾਰ ਡਟੇ
ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਚਾਰ ਲਈ ਉਮੀਦਵਾਰ ਡਟੇ
Publish Date: Mon, 18 May 2026 06:48 PM (IST)
Updated Date: Tue, 19 May 2026 04:08 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਸਿਰਫ਼ 8 ਦਿਨ ਬਾਕੀ ਰਹਿ ਜਾਣ ਕਾਰਨ ਉਮੀਦਵਾਰ ਆਪਣੇ ਸਮਰਥਕਾਂ ਨਾਲ ਵੋਟਰਾਂ ਦੇ ਘਰੋਂ ਘਰੀਂ ਪਹੁੰਚ ਲੜਾ ਰਹੇ ਹਨ। ਕਈ ਵਾਰਡਾਂ ਵਿਚ ਤ੍ਰਿਕੋਣੀ ਟੱਕਰ ਨੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ। ਜਗਰਾਓਂ ਨਗਰ ਕੌਂਸਲ ਦੇ 23 ਵਾਰਡ ਹਨ। ਜਿਨ੍ਹਾਂ ਵਿਚ ਹੁਣ ਤੱਕ 106 ਉਮੀਦਵਾਰਾਂ ਵੱਲੋਂ ਕਿਸਮਤ ਅਜਮਾਉਣ ਲਈ ਕਾਗਜ਼ ਦਾਖ਼ਲ ਕੀਤੇ ਗਏ ਹਨ। ਹਾਲਾਂਕਿ ਅੱਜ 19 ਮਈ ਨੂੰ ਕਾਗਜ ਵਾਪਸ ਲੈਣ ਦੀ ਆਖ਼ਰੀ ਤਰੀਕ ਹੈ। ਪਰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਟਿਕਟ ਦੇ ਐਲਾਨ ਦੇ ਨਾਲ ਹੀ ਚੋਣ ਮੋਰਚਾ ਸਾਂਭ ਲਿਆ ਹੈ। ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ’ਚ ਪਰਿਵਾਰ, ਸਮਰਥਕ ਤੇ ਰਿਸ਼ਤੇਦਾਰਾਂ ਨੇ ਵੀ ਡੇਰੇ ਲਾ ਲਏ ਹਨ। ਹਾਲਾਂਕਿ ਅੱਤ ਦੀ ਗਰਮੀ ਵਿਚ ਚੋਣ ਪ੍ਰਚਾਰ ਨੂੰ ਔਖਾ ਕਰ ਦਿੱਤਾ ਹੈ ਪਰ ਜਿੱਤ-ਹਾਰ ਨੂੰ ਲੈ ਕੇ ਇੰਨੀ ਗਰਮੀ ਵਿਚ ਵੀ ਉਮੀਦਵਾਰ ਏਸੀ ਨੂੰ ਭੁੱਲ ਕੇ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਦੇਰ ਰਾਤ ਤੱਕ ਇਲਾਕੇ ਦੇ ਸਾਰੇ ਵਾਰਡਾਂ ਵਿਚ ਕਿਸੇ ਨਾ ਕਿਸੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ, ਚੋਣ ਪ੍ਰਚਾਰ ਦਾ ਸਿਲਸਿਲਾ ਜਾਰੀ ਹੈ। ਮਹਿਲਾ ਉਮੀਦਵਾਰਾਂ ਦੇ ਹੱਕ ਵਿਚ ਉਨ੍ਹਾਂ ਦੇ ਪਤੀ, ਸਹੁਰਾ ਅਤੇ ਰਿਸ਼ਤੇਦਾਰਾਂ ਦਾ ਵੱਧ ਜੋਰ ਲੱਗਾ ਹੈ। ਇੱਕ-ਦੋ ਦਿਨ ਵਿਚ ਇੰਨਾਂ ਉਮੀਦਵਾਰਾਂ ਵੱਲੋਂ ਆਪੋ ਆਪਣੇ ਦਫ਼ਤਰ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਜਿਸ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਜਾਵੇਗਾ।