ਨਹਿਰ ਨੇ ਨਿਗਲਿਆ ਘਰ ਦਾ ਚਿਰਾਗ: 11 ਸਾਲਾ ਬੱਚੇ ਦੀ ਮੌਤ ਨਾਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਨਹਿਰ ਨੇ ਨਿਗਲਿਆ ਘਰ ਦਾ ਚਿਰਾਗ, ਬੱਚੇ ਦੀ ਮੌਤ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੀ ਗਿੱਲ ਨਹਿਰ ਤੇ ਨਹਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਬੱਚੇ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ। ਬੱਚੇ ਦੀ ਲਾਸ਼ ਬੀਤੀ ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਨਹਿਰ ਵਿੱਚੋਂ ਕੱਢੀ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਇੱਕ ਮਜ਼ਦੂਰ ਪਰਿਵਾਰ ਨੂੰ ਅੰਦਰੋਂ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਜੋ ਪਹਿਲਾਂ ਹੀ ਆਪਣੀ ਇੱਕ ਧੀ ਨੂੰ ਗੁਆਉਣ ਦੇ ਗਮ ਤੋਂ ਬਾਹਰ ਨਹੀਂ ਨਿਕਲ ਸਕਿਆ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਤਰਨਜੀਤ ਮੰਗਲਵਾਰ ਸਵੇਰੇ ਘਰ ਤੋਂ ਨਹਿਰ ਵਿੱਚ ਨਹਾਉਣ ਲਈ ਗਿਆ ਸੀ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤਿਆ। ਜਦੋਂ ਕਾਫੀ ਦੇਰ ਤੱਕ ਉਸਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਚਿੰਤਾ ਹੋਈ ਅਤੇ ਉਹਨਾਂ ਨੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਹੋਰ ਥਾਵਾਂ ‘ਤੇ ਉਸਦੀ ਭਾਲ ਸ਼ੁਰੂ ਕੀਤੀ। ਪਰਿਵਾਰ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਕਿ ਲੜਕਾ ਨਹਿਰ ਵਿੱਚ ਡੁੱਬ ਚੁੱਕਾ ਹੈ। ਹਰ ਸੰਭਵ ਥਾਂ ਤੇ ਤਲਾਸ਼ ਕਰਨ ਤੋਂ ਬਾਅਦ ਜਦ ਲੜਕੇ ਸੰਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰ ਲੜਕੇ ਦੇ ਨਹਿਰ ਵਿੱਚ ਡੁੱਬ ਜਾਣ ਦੇ ਸ਼ੱਕ ਨਾਲ ਬਹੁਤ ਘਬਰਾਏ ਹੋਏ ਸਨ ਅਤੇ ਉਹ ਇਹ ਅਰਦਾਸ ਕਰ ਰਹੇ ਸਨ ਕਿ ਅਜਿਹਾ ਨਾ ਹੋਇਆ ਹੋਵੇ। ਬੱਚੇ ਦੇ ਨਹਿਰ ਵਿੱਚ ਡੁੱਬਣ ਦੇ ਖਦਸ਼ੇ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਗੋਤਾਖੋਰਾਂ ਨੇ ਕਈ ਘੰਟਿਆਂ ਤੱਕ ਨਹਿਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਆਖਿਰਕਾਰ ਸ਼ਾਮ ਕਰੀਬ 5.30 ਵਜੇ ਤਰਨਜੀਤ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕਰ ਲਈ । ਜਿਵੇਂ ਹੀ ਲਾਸ਼ ਬਾਹਰ ਕੱਢੀ ਗਈ ਤਾਂ ਮੌਕੇ ‘ਤੇ ਮੌਜੂਦ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਨਾਲ ਮਾਹੌਲ ਗਮਗੀਨ ਹੋ ਗਿਆ।
ਤਰਨਜੀਤ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਉਸਦਾ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਤਿੰਨ ਭੈਣ-ਭਰਾਵਾਂ ਵਿੱਚ ਤਰਨਜੀਤ ਸਭ ਤੋਂ ਛੋਟਾ ਅਤੇ ਪਰਿਵਾਰ ਦਾ ਸਭ ਤੋਂ ਲਾਡਲਾ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਤਰਨਜੀਤ ਬਹੁਤ ਜਿਆਦਾ ਹਸਮੁਖ ਸੀ ਅਤੇ ਉਸ ਨਾਲ ਪੂਰੇ ਘਰ ਵਿੱਚ ਰੌਣਕ ਸੀ ਪਰ ਹੁਣ ਉਨ੍ਹਾਂ ਘਰ ਵਿੱਚ ਸਿਰਫ਼ ਚੁੱਪੀ ਅਤੇ ਵਿਰਲਾਪ ਬਚਿਆ ਹੈ।
---
ਫਰਵਰੀ ਮਹੀਨੇ ਹੋਈ ਸੀ ਲੜਕੀ ਦੀ ਮੌਤ
ਇਸ ਪਰਿਵਾਰ ‘ਤੇ ਇਹ ਦੂਜਾ ਵੱਡਾ ਕਹਿਰ ਟੁੱਟਿਆ ਹੈ। ਇਸੇ ਸਾਲ ਫਰਵਰੀ ਮਹੀਨੇ ਵਿੱਚ ਪਰਿਵਾਰ ਦੀ 16 ਸਾਲਾ ਧੀ ਦੀ ਇੱਕ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਸੀ। ਧੀ ਦੇ ਗਮ ਤੋਂ ਪਰਿਵਾਰ ਹਾਲੇ ਸੰਭਲ ਵੀ ਨਹੀਂ ਸਕਿਆ ਸੀ ਕਿ ਹੁਣ ਛੋਟੇ ਪੁੱਤ ਦੀ ਮੌਤ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਹੁਣ ਮਾਂ ਪਿਓ ਕੋਲ ਸਿਰਫ਼ 14 ਸਾਲਾ ਪੁੱਤ ਕਰਨਦੀਪ ਹੀ ਹੈ ਅਤੇ ਇਸ ਵੇਲੇ ਉਹ ਡੂੰਘੇ ਸਦਮੇ ਵਿੱਚ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਮਰਾਡੋ ਦੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।