ਗੁਰਦੁਆਰਾ ਸਾਹਿਬਾਨਾਂ ਦੀ ਯਾਤਰਾ ਲਈ ਬੱਸ ਰਵਾਨਾ
ਗੁਰਦੁਆਰਾ ਸਾਹਿਬਾਨਾਂ ਦੀ ਯਾਤਰਾ ਲਈ ਬੱਸ ਰਵਾਨਾ
Publish Date: Wed, 20 May 2026 10:11 PM (IST)
Updated Date: Thu, 21 May 2026 04:10 AM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਸਾਹਿਬਾਨਾਂ ਦੀ ਪਵਿੱਤਰ ਯਾਤਰਾ ਲਈ ਇੱਕ ਵਿਸ਼ੇਸ਼ ਬੱਸ ਨੂੰ ਗੁਰਦੁਆਰਾ ਰੇਰੂ ਸਾਹਿਬ ਪਿੰਡ ਲੁਹਾਰਾ ਤੋਂ ਅਰਦਾਸ ਉਪਰੰਤ ਰਵਾਨਾ ਕੀਤਾ ਗਿਆ। ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਬਾਬਾ ਦਰਬਾਰਾ ਸਿੰਘ ਤੇ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਇਹ ਯਾਤਰਾ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸੰਗਤਾਂ ਨੂੰ ਪੰਜਾਬ ਦੇ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ, ਡੇਰਾ ਬਾਬਾ ਨਾਨਕ ਅਤੇ ਹੋਰ ਗੁਰਧਾਮਾਂ ਸਾਹਿਬਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਨਾਲ ਸੰਗਤਾਂ ਵਿੱਚ ਆਤਮਕ ਉਤਸ਼ਾਹ ਵਧਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਬੱਸ ਨੂੰ ਰਵਾਨਾ ਕਰਨ ਸਮੇਂ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੰਗਤਾਂ ਨੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾ ਕੇ ਯਾਤਰੀਆਂ ਨੂੰ ਵਿਦਾ ਕੀਤਾ। ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀਆਂ ਨੇ ਕਿਹਾ ਕਿ ਉਹ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਧੰਨ ਸਮਝਦੇ ਹਨ ਅਤੇ ਇਹ ਯਾਤਰਾ ਉਨ੍ਹਾਂ ਲਈ ਬਹੁਤ ਹੀ ਸੁਖਦਾਈ ਤੇ ਆਤਮਕ ਅਨੁਭਵ ਹੋਵੇਗੀ। ਪ੍ਰਬੰਧਕਾਂ ਵੱਲੋਂ ਯਾਤਰੀਆਂ ਲਈ ਖਾਣ-ਪੀਣ, ਰਹਿਣ ਅਤੇ ਸਿਹਤ ਸੰਬੰਧੀ ਪੂਰੇ ਪ੍ਰਬੰਧ ਕੀਤੇ ਗਏ ਹਨ। ਇਲਾਕੇ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਸਮਾਜ ਵਿੱਚ ਧਾਰਮਿਕ ਅਤੇ ਸਾਂਝੀਕ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।