ਲੁਧਿਆਣਾ ’ਚ ਬਸਪਾ ਨੇ ਕੱਢੀ ਵਿਸ਼ਾਲ ਰੈਲੀ
ਲੁਧਿਆਣਾ ’ਚ ਬਸਪਾ ਨੇ ਵਿਸ਼ਾਲ ਰੈਲੀ ਰਾਹੀਂ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਮੁਹਿੰਮ ਦੀ ਕੀਤੀ ਸ਼ੁਰੂਆਤ
Publish Date: Sun, 03 May 2026 10:20 PM (IST)
Updated Date: Mon, 04 May 2026 04:17 AM (IST)

‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਮੁਹਿੰਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨਾਂ ਨੂੰ ‘ਕੂੜਾ ਘਰ’ ਬਣਾਉਣ ਵਾਲੀਆਂ ਸਰਕਾਰਾਂ ਨੂੰ ਜੜ੍ਹੋਂ ਪੁੱਟੇਗੀ ਜਨਤਾ : ਡਾ. ਕਰੀਮਪੁਰੀ --- ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਥਾਣਾ ਡਵੀਜ਼ਨ ਨੰ 7 ਦੇ ਕੋਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਮੁਹਿੰਮ ਦੀ ਗਰਜਵੀਂ ਸ਼ੁਰੂਆਤ ਕਰਦਿਆਂ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਅਤੇ ਸਾਬਕਾ ਕਾਂਗਰਸ ਸਰਕਾਰ ਵਿਰੁੱਧ ਤਿੱਖਾ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਗੁਰੂ ਸਾਹਿਬ ਦੇ ਨਾਂ ਤੇ ਵੋਟਾਂ ਬਟੋਰੀਆਂ, ਅੱਜ ਉਨ੍ਹਾਂ ਨੇ ਹੀ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਅਸਥਾਨਾਂ ਦਾ ਘਾਣ ਕੀਤਾ ਹੈ। ਡਾ. ਕਰੀਮਪੁਰੀ ਨੇ ਲੁਧਿਆਣਾ ਦੇ ਉਸ ਸਾਢੇ ਤਿੰਨ ਏਕੜ ਮੈਦਾਨ ਵਿੱਚ ਖੜ੍ਹ ਕੇ ਸਰਕਾਰ ਨੂੰ ਵੰਗਾਰਿਆ ਜਿੱਥੇ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਗੁਰੂ ਰਵਿਦਾਸ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ ਡਰਾਮੇਬਾਜ਼ੀ ਕੀਤੀ ਅਤੇ ਬਜਟ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ। ਪੰਜ ਸਾਲਾਂ ਵਿੱਚ ਇੱਕ ਇੱਟ ਤੱਕ ਨਹੀਂ ਲਗਾਈ। ਅੱਜ ਦੀ ਭਗਵੰਤ ਮਾਨ ਸਰਕਾਰ, ਜੋ 650ਵੇਂ ਪ੍ਰਕਾਸ਼ ਪੁਰਬ ਨੂੰ ਸਰਕਾਰੀ ਪੱਧਰ ਤੇ ਮਨਾਉਣ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਰਹੀ ਹੈ, ਉਸ ਨੇ ਇਸ ਪਵਿੱਤਰ ਜਗ੍ਹਾ ਨੂੰ ਸ਼ਹਿਰ ਦਾ ਕੂੜਾ ਡੰਪ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਇਹ ਹੈ ਤੁਹਾਡਾ ਗੁਰੂ ਸਾਹਿਬ ਪ੍ਰਤੀ ਸਤਿਕਾਰ? ਸਰਕਾਰੀ ਜ਼ੁਲਮ ਅਤੇ ਬਸਪਾ ਦਾ ਸੰਘਰਸ਼ ਬਾਰੇ ਉਨ੍ਹਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਧਲੇਤਾ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਮ ਪਾਰਟੀ’ ਦੀ ਸਰਕਾਰ ਨੇ ਗੁਰੂ ਘਰ ਉੱਤੇ ਜੇਸੀਬੀ ਚਲਵਾ ਕੇ ਅਤੇ ਵਿਰੋਧ ਕਰਨ ਵਾਲੀਆਂ ਸਾਡੀਆਂ ਧੀਆਂ-ਭੈਣਾਂ ਤੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਬਹੁਜਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ, ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਕਾਇਰਾਂ ਵਾਂਗ ਚੁੱਪ ਸਨ, ਉਦੋਂ ਬਸਪਾ ਨੇ ਸੜਕਾਂ ਤੇ ਉਤਰ ਕੇ ਨੌਜਵਾਨਾਂ ਨੂੰ ਰਿਹਾਅ ਕਰਵਾਇਆ ਅਤੇ ਗੁਰੂ ਘਰ ਦੀ ਮਰਿਆਦਾ ਲਈ ਜੰਗ ਲੜੀ। 2027 ਦਾ ਮਨੋਰਥ ਪੱਤਰ ਜਾਰੀ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੰਗਤਾਂ ਨੂੰ 2027 ਵਿੱਚ ਗੁਲਾਮੀ ਦਾ ਅੰਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਬਸਪਾ ਦੇ ਸੱਤਾ ਆਉਣ ਤੇ ਲੁਧਿਆਣਾ ਦੀ ਇਸ ਜਗ੍ਹਾ ਤੇ 5 ਸਾਲਾਂ ਦਾ ਰੁਕਿਆ ਕੰਮ 5 ਮਹੀਨਿਆਂ ਵਿੱਚ ਪੂਰਾ ਕਰਕੇ ਇੱਕ ਸ਼ਾਨਦਾਰ ਇਤਿਹਾਸਕ ਯਾਦਗਾਰ ਬਣਾਈ ਜਾਵੇਗੀ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂ ਸਾਹਿਬ ਦੇ ‘ਬੇਗਮਪੁਰਾ’ ਦੇ ਸੰਕਲਪ ਨੂੰ ਲਾਗੂ ਕਰਦਿਆਂ ਪੰਜਾਬ ਨੂੰ ਚਿੱਟੇ ਵਰਗੇ ਮਾਰੂ ਨਸ਼ਿਆਂ ਤੋਂ ਮੁਕਤ ਕਰਕੇ ਜਵਾਨੀ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ। ਪੰਜਾਬ ਵਿੱਚ ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਆਤਮ-ਨਿਰਭਰਤਾ ਵਾਲਾ ਰਾਜ ਪ੍ਰਬੰਧ ਸਥਾਪਿਤ ਕੀਤਾ ਜਾਵੇਗਾ ਜਿੱਥੇ ਕੋਈ ਅਪਰਾਧ ਜਾਂ ਵਿਤਕਰਾ ਨਹੀਂ ਹੋਵੇਗਾ। ਅੰਤ ਵਿੱਚ ਸੰਗਤ ਨੂੰ ਸੱਦਾ ਦਿੰਦਿਆ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 650ਵੇਂ ਪ੍ਰਕਾਸ਼ ਪੁਰਬ ਨੂੰ ਸਿਰਫ਼ ਰਸਮੀ ਤੌਰ ਤੇ ਨਹੀਂ, ਬਲਕਿ ਇੱਕ ‘ਸੰਘਰਸ਼’ ਵਜੋਂ ਮਨਾਉਣ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਕੁਲਵੰਤ ਸਿੰਘ ਮੈਹਤੋਂ, ਬਲਵਿੰਦਰ ਬਿੱਟਾ, ਭਾਗ ਸਿੰਘ ਸਰੀਂਹ, ਜੀਤ ਰਾਮ ਬਸਰਾ, ਪਰਗਣ ਬਿਲਗਾ, ਜੱਥੇਦਾਰ ਨਿਹੰਗ ਕੁਲਦੀਪ ਸਿੰਘ ਖਾਲਸਾ, ਕਮਲ ਘਈ, ਨਰੇਸ਼ ਬਸਰਾ ਸਮੇਤ ਹੋਰ ਹਾਜ਼ਰ ਸਨ।