ਰਿਸ਼ਤਾ ਸੁਲਝਾਉਣ ਗਈ ਲੜਕੀ ਨਾਲ ਦਰਿੰਦਗੀ: ਨੌਜਵਾਨ ਨੇ ਕੀਤੀਆਂ ਅਸ਼ਲੀਲ ਹਰਕਤਾਂ, ਵਿਰੋਧ ਕਰਨ 'ਤੇ ਪੂਰੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ
ਲੁਧਿਆਣਾ ਦੇ ਫਤਿਹ ਸਿੰਘ ਨਗਰ ਇਲਾਕੇ ਵਿੱਚ ਪਰਿਵਾਰਕ ਰਿਸ਼ਤਿਆਂ ਵਿੱਚ ਆਈ ਖਟਾਸ ਨੂੰ ਸੁਲਝਾਉਣ ਲਈ ਹੋ ਰਹੀ ਗੱਲਬਾਤ ਦੌਰਾਨ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਭਰਾ-ਭਰਜਾਈ ਦੇ ਰਿਸ਼ਤੇ ਵਿੱਚ ਤਣਾਅ ਦੇ ਚਲਦਿਆਂ ਇੱਕ ਲੜਕੀ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਸਹੁਰਿਆਂ ਦੇ ਘਰ ਮਸਲਾ ਸੁਲਝਾਉਣ ਗਈ ਸੀ, ਪਰ ਕੁਝ ਹੀ ਸਮੇਂ ਬਾਅਦ ਗੱਲਬਾਤ ਹੀ ਹਿੰਸਕ ਟਕਰਾਅ ਵਿੱਚ ਬਦਲ ਗਈ।
Publish Date: Fri, 24 Apr 2026 12:45 PM (IST)
Updated Date: Fri, 24 Apr 2026 12:48 PM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਫਤਿਹ ਸਿੰਘ ਨਗਰ ਇਲਾਕੇ ਵਿੱਚ ਪਰਿਵਾਰਕ ਰਿਸ਼ਤਿਆਂ ਵਿੱਚ ਆਈ ਖਟਾਸ ਨੂੰ ਸੁਲਝਾਉਣ ਲਈ ਹੋ ਰਹੀ ਗੱਲਬਾਤ ਦੌਰਾਨ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਭਰਾ-ਭਰਜਾਈ ਦੇ ਰਿਸ਼ਤੇ ਵਿੱਚ ਤਣਾਅ ਦੇ ਚਲਦਿਆਂ ਇੱਕ ਲੜਕੀ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਸਹੁਰਿਆਂ ਦੇ ਘਰ ਮਸਲਾ ਸੁਲਝਾਉਣ ਗਈ ਸੀ, ਪਰ ਕੁਝ ਹੀ ਸਮੇਂ ਬਾਅਦ ਗੱਲਬਾਤ ਹੀ ਹਿੰਸਕ ਟਕਰਾਅ ਵਿੱਚ ਬਦਲ ਗਈ।
ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਗੱਲਬਾਤ ਦੌਰਾਨ ਉਹ ਘਰ ਦੀ ਛੱਤ ‘ਤੇ ਕੁਰਸੀ ‘ਤੇ ਬੈਠੀ ਹੋਈ ਸੀ। ਇਸੇ ਵੇਲੇ ਉਸਦੀ ਕੁਰਸੀ ਦੇ ਪਿੱਛੇ ਖੜੇ ਲੜਕੇ ਪ੍ਰਿੰਸ ਨੇ ਅਚਾਨਕ ਉਸ ਨਾਲ ਅਸ਼ਲੀਲ ਹਰਕਤਾਂ ਕਰਨੀ ਸ਼ੁਰੂ ਕਰ ਦਿੱਤੀਆਂ। ਜਦੋਂ ਲੜਕੀ ਨੇ ਇਸ ਗਲਤ ਕਿਰਿਆ ਦਾ ਡਟ ਕੇ ਵਿਰੋਧ ਕੀਤਾ ਤਾਂ ਮਾਮਲਾ ਤੁਰੰਤ ਭੜਕ ਉੱਠਿਆ। ਵਿਰੋਧ ਤੋਂ ਬਾਅਦ ਹੋਰ ਮੁਲਜਮ ਹਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਕਿਰਨ ਅਤੇ ਚਰਨਜੀਤ ਕੌਰ ਵੀ ਗੁੱਸੇ ਵਿੱਚ ਆ ਗਏ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਲੜਕੀ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ।
ਇਸ ਦੌਰਾਨ ਮੁਲਜ਼ਮਾਂ ਨੇ ਲੜਕੀ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਦਿਆਂ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਹੱਦਾਂ ਪਾਰ ਕਰਦਿਆਂ ਰੱਸੀ ਨਾਲ ਉਸਦਾ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੌਰਾਨ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲੇ ਦੀ ਸੂਚਨਾ ਮਿਲਣ ‘ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮਾ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।