ਗੈਂਗਸਟਰਾਂ ਦੀ ਪੁਸ਼ਤਪਨਾਹੀ ’ਚ ਚੱਲ ਰਿਹਾ ਬੁੱਕੀਆਂ ਦਾ ਗੋਰਖਧੰਦਾ
ਗੈਂਗਸਟਰਾਂ ਦੀ ਪੁਸ਼ਤਪਨਾਹੀ ਵਿੱਚ ਚੱਲ ਰਿਹਾ ਬੁੱਕੀਆਂ ਦਾ ਗੋਰਖਧੰਦਾ
Publish Date: Sat, 13 Dec 2025 08:05 PM (IST)
Updated Date: Sat, 13 Dec 2025 08:06 PM (IST)

ਗੈਂਗਸਟਰਾਂ ਦੀ ਪੁਸ਼ਤਪਨਾਹੀ ਵਿੱਚ ਚੱਲ ਰਿਹਾ ਬੁੱਕੀਆਂ ਦਾ ਗੋਰਖਧੰਦਾ ਵਸੂਲੀ ਲਈ ਲੁਧਿਆਣਾ ਵਾਸੀ ਨੌਜਵਾਨ ਨੂੰ ਪਿਸਤੌਲ ਦੇ ਜੋਰ ਤੇ ਬੁਕੀ ਨੇ ਕਰਵਾਇਆ ਅਗਵਾ ਪੁਲਿਸ ਨੇ ਪਿੱਛਾ ਕਰਕੇ ਛੁਡਵਾਇਆ, ਗੈਂਗਸਟਰ ਕੀਤੇ ਗ੍ਰਿਫਤਾਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮੈਚਾਂ ਤੇ ਸੱਟਾ ਲਗਵਾਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਮਗਰੋਂ ਵਸੂਲੀ ਲਈ ਬੁੱਕੀਆਂ ਨੇ ਹੁਣ ਅਪਰਾਧਿਕ ਪਿਛੋਕੜ ਵਾਲੇ ਗੈਂਗਸਟਰ ਦਾ ਖੁੱਲਕੇ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਗੈਂਗਸਟਰਾਂ ਵੱਲੋਂ ਦੇਣਦਾਰ ਨੂੰ ਇਸ ਹੱਦ ਤੱਕ ਧਮਕਾਇਆ ਜਾਂਦਾ ਹੈ ਕਿ ਉਹ ਆਪਣੀ ਜਾਨ ਦੀ ਸਲਾਮਤੀ ਲਈ ਭਾਵੇਂ ਘਰ ਦਾ ਗਹਿਣਾ ਵੇਚੇ ਜਾਂ ਘਰਬਾਰ ਵੇਚੇ, ਪਰ ਬੁੱਕੀਆਂ ਦਾ ਪੈਸਾ ਹਰ ਹਾਲ ਵਿੱਚ ਦੇਣਾ ਪੈਂਦਾ ਹੈ। ਅਜਿਹੇ ਹੀ ਇੱਕ ਸਨਸਨੀ ਖੇਜ ਮਾਮਲੇ ਵਿੱਚ ਸੱਟਾ ਲਗਵਾਉਣ ਵਾਲੇ ਬੁੱਕੀ ਨੇ ਆਪਣੇ ਕਰਜਦਾਰ ਨੌਜਵਾਨ ਨੂੰ ਆਪਣੇ ਰੈਕੇਟ ਵਿੱਚ ਸ਼ਾਮਿਲ ਗੈਂਗਸਟਰ ਤੋਂ ਅਗਵਾ ਕਰਵਾਇਆ। ਹਾਲਾਂਕਿ ਸਮਾਂ ਰਹਿੰਦੇ ਮਾਮਲਾ ਲੁਧਿਆਣਾ ਪੁਲਿਸ ਨੂੰ ਪਤਾ ਲੱਗਾ ਅਤੇ ਪੁਲਿਸ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਵੱਲੋਂ ਅਗਵਾ ਕੀਤੇ ਨੌਜਵਾਨ ਨੂੰ ਸਹੀ ਸਲਾਮਤ ਬਰਾਮਦ ਹੀ ਨਹੀਂ ਕੀਤਾ ਬਲਕਿ ਅਗਵਾ ਕਰਨ ਵਾਲੇ ਬਦਮਾਸ਼ਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਉਕਤ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਵੱਲੋਂ ਰਣਜੋਧ ਪਾਰਕ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਦੇ ਬਿਆਨ ਉੱਪਰ ਅੰਗਦ ਦੀਪ ਸਿੰਘ, ਕਰਮਵੀਰ ਸਿੰਘ, ਰਕੇਸ਼ ਕੁਮਾਰ ਅਤੇ ਅਕਸ਼ੇ ਕੁਮਾਰ ਖਿਲਾਫ ਪਰਚਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ। ਸਥਾਨਕ ਰਣਜੋਧ ਪਾਰਕ ਇਲਾਕੇ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਮੁਤਾਬਕ ਵਾਰਦਾਤ ਵੀਰਵਾਰ ਦੀ ਹੈ ਜਦੋਂ ਕੁਝ ਹਥਿਆਰ ਬੰਦ ਵਿਅਕਤੀ ਉਨ੍ਹਾਂ ਦੇ ਘਰੇ ਜਬਰੀ ਦਾਖਲ ਹੋਏ ਅਤੇ ਉਸ ਦੇ ਛੋਟੇ ਲੜਕੇ ਕਮਲਜੀਤ ਸਿੰਘ ਨੂੰ ਪਿਸਤੌਲ ਦੇ ਜੋਰ ਤੇ ਜਬਰਦਸਤੀ ਆਪਣੀ ਇਨੋਵਾ ਕਾਰ ਵਿੱਚ ਬਿਠਾਕੇ ਨਾਲ ਲੈ ਗਏ। ਸਤਵਿੰਦਰ ਸਿੰਘ ਮੁਤਾਬਕ ਜਿਸ ਵੇਲੇ ਇਹ ਵਾਰਦਾਤ ਅੰਜਾਮ ਦਿੱਤੀ ਗਈ ਉਸ ਵੇਲੇ ਉਹ ਆਪ ਕਿਸੇ ਕੰਮ ਨਾਲ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਉਸ ਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਫੋਨ ਕਰਕੇ ਛੋਟੇ ਭਰਾ ਦੀ ਕਿਡਨੈਪਿੰਗ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤ ਕਰਤਾ ਨੇ ਤੁਰੰਤ ਥਾਣਾ ਹੈਬੋਵਾਲ ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ ਤਾਂ ਹਰਕਤ ਵਿੱਚ ਆਈ ਪੁਲਿਸ ਪਾਰਟੀ ਨੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਿੱਛਾ ਕਰਕੇ ਅਗਵਾਹ ਹੋਏ ਕਮਲਜੀਤ ਸਿੰਘ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਸਹੀ ਸਲਾਮਤ ਛੁਡਵਾਇਆ ਅਤੇ ਅਗਵਾਹਕਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੈਸੇ ਦੀ ਵਸੂਲੀ ਲਈ ਕੀਤੀ ਸੀ ਵਾਰਦਾਤ ਸ਼ਿਕਾਇਤ ਕਰਤਾ ਸਤਵਿੰਦਰ ਸਿੰਘ ਮੁਤਾਬਕ ਉਸ ਦਾ ਛੋਟਾ ਲੜਕਾ ਕਮਲਜੀਤ ਸਿੰਘ ਮੈਚਾਂ ਉੱਪਰ ਸੱਟਾ ਲਗਾਉਣ ਲੱਗ ਗਿਆ ਸੀ। ਜਦੋਂ ਕਮਲਜੀਤ ਬੁੱਕੀਆਂ ਕੋਲ ਕੁਝ ਰਕਮ ਹਾਰ ਗਿਆ ਤਾਂ ਪੈਸੇ ਦੀ ਵਸੂਲੀ ਲਈ ਉਕਤ ਬੁੱਕੀਆਂ ਵੱਲੋਂ ਉਸ ਦੇ ਲੜਕੇ ਨੂੰ ਕਾਫੀ ਸਮੇਂ ਤੋਂ ਧਮਕਾਇਆ ਜਾ ਰਿਹਾ ਸੀ। ਇਸ ਡਰ ਦੇ ਮਾਰੇ ਪਰਿਵਾਰ ਨੇ ਕਮਲਜੀਤ ਸਿੰਘ ਨੂੰ ਲੁਧਿਆਣਾ ਤੋਂ ਬਾਹਰ ਚੰਡੀਗੜ੍ਹ ਭੇਜ ਦਿੱਤਾ। ਜਿੱਥੇ ਉਕਤ ਨੌਜਵਾਨ ਮੋਬਾਇਲ ਖਰੀਦ ਵੇਚ ਦਾ ਕੰਮ ਕਰਨ ਲੱਗ ਗਿਆ। ਮਹੀਨੇ ਵਿੱਚ ਦੋ ਤਿੰਨ ਵਾਰ ਕਮਲਜੀਤ ਪਰਿਵਾਰ ਨੂੰ ਮਿਲਣ ਲੁਧਿਆਣਾ ਆਉਂਦਾ ਜਾਂਦਾ ਸੀ। ਵਾਰਦਾਤ ਤੋਂ ਇੱਕ ਦਿਨ ਪਹਿਲਾਂ ਵੀ ਉਸ ਦਾ ਲੜਕਾ ਚੰਡੀਗੜ੍ਹ ਤੋਂ ਪਰਿਵਾਰ ਨੂੰ ਮਿਲਣ ਲੁਧਿਆਣਾ ਆਇਆ ਹੋਇਆ ਸੀ ਅਤੇ ਉਸ ਦੇ ਆਉਣ ਦਾ ਪਤਾ ਲੱਗਣ ਤੇ ਉਕਤ ਬੁੱਕੀ ਨੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਕੁਝ ਦਬੰਗਾਂ ਦੀ ਮਦਦ ਨਾਲ ਕਮਲਜੀਤ ਨੂੰ ਘਰੋਂ ਚੁਕਵਾ ਲਿਆ। ਘਰੋਂ ਲੈ ਕੇ ਜਾਣ ਮਗਰੋਂ ਅਗਵਾਹਕਾਰ ਨੇ ਕਮਲਜੀਤ ਸਿੰਘ ਤੋਂ ਪਰਿਵਾਰ ਨੂੰ ਫੋਨ ਕਰਵਾਇਆ, ਜਿਸ ਵਿੱਚ ਉਨ੍ਹਾਂ ਲੜਕੇ ਦੀ ਸਲਾਮਤੀ ਲਈ 5 ਲੱਖ ਰੁਪਏ ਲੈ ਕੇ ਆਉਣ ਦੀ ਗੱਲ ਆਖੀ। ਇਸ ਤੋਂ ਬਾਅਦ ਉਕਤ ਮੁਲਜ਼ਮ ਵਾਰ ਵਾਰ ਪਰਿਵਾਰ ਵਾਲਿਆਂ ਨੂੰ ਫੋਨ ਕਰਵਾਕੇ ਪੈਸੇ ਲਿਆਉਣ ਲਈ ਦਬਾਅ ਬਣਾਉਂਦੇ ਰਹੇ, ਪਰ ਸਤਵਿੰਦਰ ਸਿੰਘ ਨੇ ਇਹ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਅਗਵਾ ਨੌਜਵਾਨ ਕੋਲੋਂ ਕਰਵਾਉੰਦੇ ਰਹੇ ਫੋਨ ਸਤਵਿੰਦਰ ਸਿੰਘ ਮੁਤਾਬਕ ਕਮਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਣ ਮਗਰੋਂ ਉਹ ਵਾਰ ਵਾਰ ਉਸ ਦੇ ਲੜਕੇ ਤੋਂ ਘਰ ਫੋਨ ਕਰਵਾਉਂਦੇ ਰਹੇ। ਕਈ ਵਾਰ ਮੁਲਜ਼ਮਾਂ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਹੀ ਕਿਸੇ ਹੋਟਲ ਵਿੱਚ ਕਮਰਾ ਲੈ ਕੇ ਰਹਿਣਗੇ ਅਤੇ ਪੈਸੇ ਦਾ ਇੰਤਜਾਮ ਹੋਣ ਤੋਂ ਬਾਅਦ ਦੂਸਰੇ ਲੜਕੇ ਨੂੰ ਭੇਜ ਕੇ 5 ਲੱਖ ਰੁਪਏ ਦੇ ਦਿੱਤੇ ਜਾਣ। ਜਦੋਂ ਸ਼ਿਕਾਇਤ ਕਰਤਾ ਨੇ ਅਗਵਾਕਾਰਾਂ ਨੂੰ ਦੱਸਿਆ ਕਿ ਉਹ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦੇਣ ਜਾ ਰਿਹਾ ਹੈ ਤਾਂ ਮੁਲਜ਼ਮਾਂ ਨੇ ਪੁਲਿਸ ਤੱਕ ਨਾ ਜਾਣ ਲਈ ਧਮਕਾਇਆ ਅਤੇ ਲੜਕੇ ਤੋਂ ਹੀ ਫੋਨ ਕਰਵਾ ਕੇ ਮਾਮਲਾ ਵਧਾਉਣ ਤੇ ਜਾਨ ਨੂੰ ਖਤਰੇ ਦੀ ਗੱਲ ਕਹਾਈ। ਪਰਿਵਾਰ ਨੂੰ ਉਲਝਾਕੇ ਲੁਧਿਆਣੇ ਤੋਂ ਲਿਜਾ ਰਹੇ ਸੀ ਬਾਹਰ ਸਤਵਿੰਦਰ ਸਿੰਘ ਮੁਤਾਬਕ ਜਦੋਂ ਵਾਰ ਵਾਰ ਪਰਿਵਾਰ ਉੱਪਰ 5 ਲੱਖ ਰੁਪਏ ਲੈ ਕੇ ਆਉਣ ਲਈ ਦਬਾਅ ਬਣਾਇਆ ਜਾਣ ਲੱਗਾ ਤਾਂ ਆਪਣੇ ਲੜਕੇ ਦੀ ਜਾਨ ਖਤਰੇ ਵਿੱਚ ਹੋਣ ਕਾਰਨ ਉਹ ਆਪਣੀ ਪਤਨੀ ਸਮੇਤ ਥਾਣਾ ਹੈਬੋਵਾਲ ਪੁੱਜਾ ਅਤੇ ਅਗਵਾਕਾਰਾਂ ਦੀ ਵਾਰਦਾਤ ਬਾਰੇ ਦੱਸਿਆ। ਵਾਰਦਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਹੈਬੋਵਾਲ ਪੁਲਿਸ ਨੇ ਉਕਤ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਮਲਜੀਤ ਸਿੰਘ ਦੇ ਨੰਬਰ ਨੂੰ ਟਰੈਕ ਕਰਨਾ ਸ਼ੁਰੂ ਕੀਤਾ। ਫੋਨ ਦੀ ਲੋਕੇਸ਼ਨ ਦੇ ਆਧਾਰ ਤੇ ਪੁਲਿਸ ਨੂੰ ਮੁਲਜ਼ਮਾਂ ਦੇ ਫਰਾਰ ਹੋਣ ਦੇ ਰਸਤੇ ਦੀ ਸਟੀਕ ਜਾਣਕਾਰੀ ਮਿਲਦੀ ਰਹੀ ਅਤੇ ਇੱਕ ਸਾਂਝੀ ਕਾਰਵਾਈ ਦੌਰਾਨ ਮੁਲਜ਼ਮ ਉਸ ਵੇਲੇ ਕਾਬੂ ਕਰ ਲਏ ਗਏ ਜਦ ਇਹ ਲੁਧਿਆਣਾ ਛੱਡ ਕੇ ਇਨੋਵਾ ਕਾਰ ਵਿੱਚ ਅੰਮ੍ਰਿਤਸਰ ਲਈ ਜਾ ਰਹੇ ਸਨ। ਜਾਂਚ ਵਿੱਚ ਕਈ ਖੁਲਾਸੇ ਹੋਣ ਦੀ ਆਸ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਨੇ ਇਹ ਮਾਮਲਾ ਬੁੱਕੀਆਂ ਵੱਲੋਂ ਵਸੂਲੀ ਲਈ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਮੁਤਾਬਕ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਵਿੱਚ ਨੌਜਵਾਨ ਕਮਲਜੀਤ ਸਿੰਘ ਨੂੰ ਅਗਵਾਹ ਕਰਨ ਦੇ ਪਿੱਛੇ ਅਸਲ ਕਾਰਨਾਂ ਦੀ ਜਾਣਕਾਰੀ ਮਿਲ ਸਕੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਅਜੇ ਕਈ ਕੋਣਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਵਧੇਰੀ ਪੜਤਾਲ ਵਿੱਚ ਹੋਰ ਖੁਲਾਸੇ ਹੋਣ ਦੀ ਆਸ ਹੈ। ਜਾਣਕਾਰੀ ਮੁਤਾਬਕ ਅੰਗਦ ਦੀਪ ਸਿੰਘ, ਕਰਮਵੀਰ ਸਿੰਘ ਅਤੇ ਰਕੇਸ਼ ਕੁਮਾਰ ਤਿੰਨੋਂ ਵਾਸੀ ਅੰਮ੍ਰਿਤਸਰ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਅਕਸ਼ੇ ਕੁਮਾਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ ਜੋ ਕਿ ਲਾਇਸੈਂਸੀ ਪਿਸਤੌਲ ਦੱਸਿਆ ਜਾ ਰਿਹਾ ਹੈ। ਗੈਂਗਸਟਰ ਨਾਲ ਬੁੱਕੀਆਂ ਦੇ ਸਬੰਧ ਚਿੰਤਾਜਨਕ ਮੈਚਾਂ ਤੇ ਸੱਟਾ ਲਵਾਕੇ ਲੱਖਾਂ ਕਰੋੜਾਂ ਰੁਪਏ ਕਮਾਉਣ ਵਾਲੇ ਬੁੱਕੀਆਂ ਵੱਲੋਂ ਵਸੂਲੀ ਲਈ ਹੁਣ ਗੈਂਗਸਟਰ ਨਾਲ ਨੇੜਤਾ ਵਧਾਕੇ ਕਰਜਦਾਰਾਂ ਨੂੰ ਧਮਕਾਉਣ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਆਸਾਨੀ ਨਾਲ ਇਨੀਆਂ ਵੱਡੀਆਂ ਰਕਮਾਂ ਜਿੱਤਣ ਵਾਲੇ ਬੁੱਕੀ ਆਪਣੀ ਆਮਦਨ ਦਾ ਕੁਝ ਹਿੱਸਾ ਅਪਰਾਧਕ ਪਿਛੋਕੜ ਵਾਲੇ ਸੰਗਠਨਾਂ ਨੂੰ ਨਜ਼ਰਾਨੇ ਦੇ ਰੂਪ ਵਿੱਚ ਦੇ ਕੇ ਜਿੱਥੇ ਕਰਜਦਾਰਾਂ ਉੱਪਰ ਡਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਥੇ ਹੀ ਉਗਰਾਹੀ ਲਈ ਇਨਾਂ ਅਨਸਰਾਂ ਦੀ ਮਦਦ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ। ਹੁਣ ਮਾਮਲਾ ਬੁੱਕੀ ਵੱਲੋਂ ਵਸੂਲੀ ਲਈ ਕਿਡਨੈਪ ਕਰਨ ਦਾ ਹੈ ਜਾਂ ਅਸਲ ਕਹਾਣੀ ਕੁਝ ਹੋਰ ਹੈ, ਇਹ ਪੁਲਿਸ ਜਾਂਚ ਵਿੱਚ ਸਾਹਮਣੇ ਆਉਣ ਦੀ ਆਸ ਹੈ। ਬਹਿਰਹਾਲ ਪੁਲਿਸ ਨੇ ਅਗਵਾਹ ਹੋਏ ਕਮਲਜੀਤ ਨੂੰ ਪਰਿਵਾਰ ਹਵਾਲੇ ਰਜੀ ਖੁਸ਼ੀ ਕਰ ਦਿੱਤਾ।