ਭਾਜਪਾ ਦਾ ਢਿੱਲੋਂ 'ਤੇ ਦਾਅ, ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨਾ ਇੱਕ ਵੱਡਾ ਅਤੇ ਦੂਰਅੰਦੇਸ਼ੀ ਫੈਸਲਾ ਮੰਨਿਆ ਜਾ ਰਿਹਾ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਇਹ ਫੈਸਲਾ ਸਿਰਫ਼ ਸੰਗਠਨਕ ਤਬਦੀਲੀ ਨਹੀਂ, ਸਗੋਂ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਭਾਜਪਾ ਲੰਬੇ ਸਮੇਂ ਤੋਂ ਪੰਜਾਬ ਵਿੱਚ ਆਪਣੀ “ਹਿੰਦੂਤਵ ਵਾਲੀ ਛਬੀ” ਕਰਕੇ ਪਿੰਡਾਂ, ਕਿਸਾਨਾਂ ਅਤੇ ਸਿੱਖ ਭਾਈਚਾਰੇ ਵਿੱਚ ਵੱਡਾ ਆਧਾਰ ਨਹੀਂ ਬਣਾ ਸਕੀ। ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਪਿੰਡਾਂ ਦੀਆਂ ਸੱਥਾਂ ਅਤੇ ਕਿਸਾਨ ਵਰਗ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ਸਮੇਂ ਵਿੱਚ ਇੱਕ ਪ੍ਰਮੁੱਖ ਸਿੱਖ ਚਿਹਰੇ ਨੂੰ ਅੱਗੇ ਲਿਆਉਣਾ ਭਾਜਪਾ ਦੀ ਨਵੀਂ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ। ਕੇਵਲ ਸਿੰਘ ਢਿੱਲੋਂ ਦਾ ਮਾਲਵਾ ਖੇਤਰ ਵਿੱਚ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਢਿੱਲੋਂ ਦੀ ਪਿੰਡ ਪੱਧਰ ‘ਤੇ ਪਛਾਣ ਅਤੇ ਸਿੱਖ ਸਮਾਜ ਨਾਲ ਜੁੜਾਅ ਭਾਜਪਾ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਭਾਜਪਾ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪੰਜਾਬ ਦੀ ਅਗਵਾਈ ਹੁਣ ਸਥਾਨਕ ਅਤੇ ਸਿੱਖ ਚਿਹਰਿਆਂ ਦੇ ਹੱਥ ਵਿੱਚ ਹੈ। ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਜੇ ਕੇਵਲ ਸਿੰਘ ਢਿੱਲੋਂ ਕਿਸਾਨੀ ਮੁੱਦਿਆਂ, ਧਾਰਮਿਕ ਸੰਵੇਦਨਸ਼ੀਲਤਾ ਅਤੇ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਨਰਮ ਅਤੇ ਸੰਵਾਦ ਵਾਲੀ ਰਾਜਨੀਤੀ ਕਰਦੇ ਹਨ ਤਾਂ ਭਾਜਪਾ ਨੂੰ ਕੁਝ ਹੱਦ ਤੱਕ ਨਵਾਂ ਆਧਾਰ ਮਿਲ ਸਕਦਾ ਹੈ। ਖਾਸ ਤੌਰ ‘ਤੇ ਨੌਜਵਾਨ ਅਤੇ ਸ਼ਹਿਰੀ ਸਿੱਖ ਵਰਗ ਵਿੱਚ ਭਾਜਪਾ ਦੀ ਸਵੀਕਾਰਤਾ ਵਧਣ ਦੀ ਸੰਭਾਵਨਾ ਬਣ ਸਕਦੀ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਸਿਰਫ਼ ਇੱਕ ਸਿੱਖ ਚਿਹਰਾ ਅੱਗੇ ਕਰਨ ਨਾਲ ਭਾਜਪਾ ਦੀ ਛਵੀ ਤੁਰੰਤ ਨਹੀਂ ਬਦਲੇਗੀ। ਪੰਜਾਬ ਦੇ ਲੋਕ ਹੁਣ ਨਾਅਰਿਆਂ ਨਾਲੋਂ ਵੱਧ ਨੀਤੀਆਂ ਅਤੇ ਜ਼ਮੀਨੀ ਕੰਮ ਨੂੰ ਤਰਜੀਹ ਦਿੰਦੇ ਹਨ। ਜੇ ਭਾਜਪਾ ਕਿਸਾਨੀ, ਬੇਰੁਜ਼ਗਾਰੀ, ਨਸ਼ਿਆਂ ਅਤੇ ਪੰਜਾਬ ਦੇ ਅਧਿਕਾਰਾਂ ‘ਤੇ ਸਪੱਸ਼ਟ ਅਤੇ ਪੰਜਾਬ-ਪੱਖੀ ਰੁਖ ਅਪਣਾਉਂਦੀ ਹੈ ਤਾਂ ਕੇਵਲ ਸਿੰਘ ਢਿੱਲੋਂ ਦਾ ਪ੍ਰਭਾਵ ਵੱਡਾ ਹੋ ਸਕਦਾ ਹੈ।“ਨਵਾਂ ਪੰਜਾਬ ਭਾਜਪਾ ਦੇ ਨਾਲ” ਮਿਸ਼ਨ ਦੀ ਕਾਮਯਾਬੀ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਭਾਜਪਾ ਪੰਜਾਬ ਦੀ ਧਰਤੀ, ਸੱਭਿਆਚਾਰ ਅਤੇ ਸਿੱਖ ਭਾਵਨਾਵਾਂ ਨਾਲ ਕਿੰਨਾ ਜੁੜਦੀ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਕੇਵਲ ਸਿੰਘ ਢਿੱਲੋਂ ਸਿਰਫ਼ ਇੱਕ ਸੰਗਠਨਕ ਚਿਹਰਾ ਸਾਬਤ ਹੁੰਦੇ ਹਨ ਜਾਂ ਭਾਜਪਾ ਲਈ ਪੰਜਾਬ ਵਿੱਚ ਨਵੀਂ ਸਿਆਸੀ ਦਿਸ਼ਾ ਤੈਅ ਕਰਦੇ ਹਨ।
-ਭਾਜਪਾ ਹਾਈਕਮਾਂਡ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਜਿੱਥੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਉੱਥੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਧਰਤੀ, ਸੱਭਿਆਚਾਰ ਅਤੇ ਸਿੱਖ ਭਾਵਨਾਵਾਂ ਨਾਲ ਜੁੜੀ ਹੋਈ ਹੈ। ਕੇਵਲ ਸਿੰਘ ਢਿੱਲੋਂ ਪੰਜਾਬ ਲਈ ਕੋਈ ਨਵਾਂ ਚੇਹਰਾ ਨਹੀਂ । ਉਨ੍ਹਾਂ ਦੀ ਸਿਆਸੀ ਅਤੇ ਰਾਜਨੀਤਕ ਕਾਬਲੀਅਤ ਭਾਜਪਾ ਵੱਲੋਂ ਵਿੱਢੇ ਗਏ ਮਿਸਨ 2027 ਨੂੰ ਪੂਰਾ ਕਰਨ ਵਿੱਚ ਵੱਡਾ ਰੋਲ ਅਦਾ ਕਰੇਗੀ।
-ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਗੁਰਦੀਪ ਸਿੰਘ ਗੋਸਾ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਅਪਣੇ 2027 ਦੇ ਮਿਸ਼ਨ ਨੂੰ ਪੂਰਾ ਕਰਨ ਲਈ ਜੋਸ਼ ਅਤੇ ਜਜਬੇ ਨਾਲ ਅੱਗੇ ਵਧੇਗਾ। ਭਾਜਪਾ ਵੱਲੋਂ ਇਕ ਸਿੱਖ ਚੇਹਰੇ ਨੂੰ ਅੱਗੇ ਲਿਆਉਣ ਦੇ ਪੁੱਛੇ ਗਏ ਸਵਾਲ 'ਚ ਗੋਸਾ ਦਾ ਜਵਾਬ ਸੀ ਕਿ ਭਾਜਪਾ ਹਿੰਦੂ ਜਾ ਸਿੱਖ ਨਹੀਂ ਦੇਖਦੀ ਉਹ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਾਬਲ ਵਰਕਰ ਨੂੰ ਅੱਗੇ ਲੈਕੇ ਆਉਂਦੀ ਹੈ।
-ਭਾਜਪਾ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਹੌਬੀ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲੇ ਜਾਣ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਭਾਜਪਾ ਜਾਤ-ਪਾਤ ਜਾਂ ਹਿੰਦੂ-ਸਿੱਖ ਦੀ ਰਾਜਨੀਤੀ ਤੋਂ ਪਰੇ ਹਟਕੇ ਰਾਜਨੀਤੀ ਕਰਦੀ ਹੈ। ਕੇਵਲ ਸਿੰਘ ਢਿੱਲੋਂ ਦੀ ਕਾਬਲੀਅਤ ਅਤੇ ਪਾਰਟੀ ਪ੍ਰਤੀ ਸੇਵਾਵਾਂ ਦਾ ਨਤੀਜਾ ਹੈ ਕਿ ਅੱਜ ਭਾਜਪਾ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ 2027 ਦੇ ਮਿਸ਼ਨ ਨੂੰ ਪੂਰਾ ਕਰਨ ਦੀ ਜਿਮੇਵਾਰੀ ਸੌਂਪੀ ਹੈ।
-ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਨੇ ਭਾਜਪਾ ਹਾਈਕਮਾਂਡ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਢਿੱਲੋਂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਭਾਜਪਾ ਤੇ ਹਿੰਦੂਤਵ ਦੇ ਲੱਗੇ ਟਿੱਕੇ ਨੂੰ ਬਿਰਾਮ ਲੱਗੇਗਾ। ਉਨ੍ਹਾਂ ਕਿਹਾ ਕਿ ਹਿੰਦੂ ਜਾਂ ਸਿੱਖ ਦਾ ਪ੍ਰਧਾਨ ਬਨਣਾ ਸਵਾਲ ਨਹੀਂ, ਇਹ ਇੱਕ ਪਾਰਟੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖ ਚੇਹਰਾ ਦਿਆਲ ਸਿੰਘ ਸੋਢੀ ਵੀ ਭਾਜਪਾ ਦੇ ਪੰਜਾਬ ਪ੍ਰਧਾਨ ਰਹੇ ਹਨ।।
-ਭਾਜਪਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਐੱਸਐੱਸ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਪ੍ਰਧਾਨ ਬਣਾਏ ਜਾਣ ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਢਿੱਲੋਂ ਨੂੰ ਵੀ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਵੱਲੋਂ ਮਿਸ਼ਨ 2027 ਨੂੰ ਪੂਰਾ ਕਰਨ ਕੇਵਲ ਸਿੰਘ ਢਿੱਲੋਂ ਦੇ ਮੋਢਿਆਂ ਤੇ ਦਿੱਤੀ ਗਈ ਜਿਮੇਵਾਰੀ ਜਿੱਥੇ ਪੰਜਾਬ ਪੱਖੀ ਰੁੱਖ ਅਪਨਾਉਣ ਵਿੱਚ ਸਹਾਈ ਹੋਵੇਗੀ ਉੱਥੇ ਢਿੱਲੋਂ ਦਾ ਪ੍ਰਭਾਵ ਅਤੇ ਸਿਆਸੀ ਤੁਜਰਬਾ ਵੀ ਵੱਡਾ ਹੋਕੇ ਸਾਹਮਣੇ ਆ ਸਕਦਾ ਹੈ।
-ਭਾਜਪਾ ਯੂਥ ਵਿੰਗ ਦੇ ਸੀਨੀਅਰ ਨੌਜਵਾਨ ਆਗੂ ਮ੍ਰਿਗਵੀਰ ਸਿੰਘ ਮਿੱਠੂ ਚੱਢਾ ਨੇ ਭਾਜਪਾ ਹਾਈਕਮਾਂਡ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਨਾਉਣ ਦੇ ਫੈਸਲੇ ਨੂੰ ਮਿਸ਼ਨ 2027 ਦੀ ਇਕ ਜੇਤੂ ਤਸਵੀਰ ਆਖਿਆ ਹੈ। ਮਿੱਠੂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਪ੍ਰਧਾਨ ਬਨਣ ਅਤੇ ਸਿੱਖ ਚੇਹਰੇ ਦੇ ਸਾਹਮਣੇ ਆਉਣ ਨਾਲ ਹੁਣ ਭਾਜਪਾ ਦਾ ਪਿੰਡਾਂ ਦੀਆਂ ਸੱਥਾਂ ਵਿੱਚ ਇਕ ਨਵਾਂ ਰੂਪ ਦੇਖਣ ਨੂੰ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਤੀ ਲੋਕਾਂ ਦਾ ਹਿੰਦੂਤਵ ਚੇਹਰਾ ਹੁਣ ਸਿੱਖ ਦੇ ਰੂਪ ਵਿੱਚ ਨਜ਼ਰ ਆਵੇਗਾ।