ਹਲਕਾ ਆਤਮ ਨਗਰ ਦੇ ਭਾਜਪਾ ਆਗੂ ਡਾਕਟਰ ਸੁਰਜੀਤ ਸਿੰਘ ਨੇ ਸਾਥੀਆਂ ਸਮੇਤ ਕੀਤੀ ਕਾਂਗਰਸ ’ਚ ‘ਘਰ ਵਾਪਸੀ’
ਹਲਕਾ ਆਤਮ ਨਗਰ ਦੇ ਭਾਜਪਾ ਆਗੂ ਡਾਕਟਰ ਸੁਰਜੀਤ ਸਿੰਘ ਨੇ ਸਾਥੀਆਂ ਸਮੇਤ ਕੀਤੀ ਕਾਂਗਰਸ ਵਿੱਚ ‘ਘਰ ਵਾਪਸੀ’
Publish Date: Sat, 25 Apr 2026 06:30 PM (IST)
Updated Date: Sat, 25 Apr 2026 06:34 PM (IST)

ਵੜਿੰਗ, ਬੈਂਸ ਤੇ ਤਲਵਾੜ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਕੀਤਾ ਸਵਾਗਤ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਭਾਜਪਾ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਅੰਬੇਦਕਰ ਨਗਰ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਤੇ ਸੀਨੀਅਰ ਆਗੂ ਡਾਕਟਰ ਸੁਰਜੀਤ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡਾਕਟਰ ਸੁਰਜੀਤ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਡਾ. ਸੁਰਜੀਤ ਸਿੰਘ ਵਰਗੇ ਇਮਾਨਦਾਰ ਅਤੇ ਲੋਕ-ਪੱਖੀ ਆਗੂ ਦੀ ਕਾਂਗਰਸ ਵਿਚ ਵਾਪਸੀ ਨਾਲ ਪਾਰਟੀ ਨੂੰ ਹਲਕਾ ਆਤਮ ਨਗਰ ਵਿੱਚ ਬੇਹੱਦ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਭਾਜਪਾ ਦੀਆਂ ਲੋਕ-ਮਾਰੂ ਨੀਤੀਆਂ ਅਤੇ ਮੌਜੂਦਾ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ, ਜਿਸ ਕਾਰਨ ਹਰ ਵਰਗ ਦੇ ਲੋਕ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜ ਰਹੇ ਹਨ। ਬੈਂਸ ਨੇ ਕਿਹਾ ਕਿ ਡਾ. ਸੁਰਜੀਤ ਸਿੰਘ ਦਾ ਆਪਣੇ ਸਾਥੀਆਂ ਸਮੇਤ ਆਉਣਾ ਇਹ ਸਪੱਸ਼ਟ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਨੇ ਹਮੇਸ਼ਾ ਇਲਾਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡਾ. ਸੁਰਜੀਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਮੈਂ ਬੀਜੇਪੀ ਦੀ ਕਾਰਜਪ੍ਰਣਾਲੀ ਅਤੇ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਆਪਣੇ ਪੁਰਾਣੇ ਘਰ ਵਾਪਸ ਪਰਤਿਆ ਹਾਂ। ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਹਰ ਧਰਮ ਤੇ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਮੈਂ ਅੱਜ ਰਾਜਾ ਵੜਿੰਗ ਅਤੇ ਬੈਂਸ ਸਾਹਿਬ ਦੀ ਅਗਵਾਈ ਵਿਚ ਇਹ ਪ੍ਰਣ ਕਰਦਾ ਹਾਂ ਕਿ ਅਸੀਂ ਦਿਨ-ਰਾਤ ਮਿਹਨਤ ਕਰ ਕੇ ਪਾਰਟੀ ਦਾ ਪਰਚਮ ਲਹਿਰਾਵਾਂਗੇ। ਤਲਵਾੜ ਨੇ ਵੀ ਡਾ. ਸੁਰਜੀਤ ਸਿੰਘ ਦਾ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅੰਬੇਡਕਰ ਨਗਰ ਅਤੇ ਦੁੱਗਰੀ ਰੋਡ ਦੇ ਕਈ ਪ੍ਰਮੁੱਖ ਆਗੂ, ਵਾਰਡ ਇੰਚਾਰਜ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਕੇ ਇਸ ਸ਼ਮੂਲੀਅਤ ਦਾ ਭਰਪੂਰ ਸਵਾਗਤ ਕੀਤਾ।ਇਸ ਮੌਕੇ ਸਾਹਿਲ ਕਪੂਰ ਪੱਪਲ, ਹਰਵਿੰਦਰ ਸਿੰਘ ਕਲੇਰ ਆਦਿ ਹਾਜ਼ਰ ਸਨ।