ਬਿਜਲੀ ਏਕਤਾ ਮੰਚ ਨੇ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ, ਪੁਤਲਾ ਸਾੜ ਕੇ ਕੀਤਾ ਵਿਰੋਧ
ਬਿਜਲੀ ਏਕਤਾ ਮੰਚ ਨੇ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ, ਪੁਤਲਾ ਸਾੜ ਕੇ ਕੀਤਾ ਵਿਰੋਧ
Publish Date: Sat, 18 Apr 2026 06:20 PM (IST)
Updated Date: Sat, 18 Apr 2026 06:24 PM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਬਿਜਲੀ ਮੁਲਾਜ਼ਮਾਂ ਦਾ ਰੋਸ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਸਿਟੀ ਸੈਂਟਰ ਡਿਵੀਜ਼ਨ ਵਿਚ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਗੇਟ ਰੈਲੀ ਕਰਨ ਉਪਰੰਤ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ੋਨ ਦੇ ਸਕੱਤਰ ਅਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਉਦਯੋਗ ਭਵਨ ਵਿਚ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏਓਜੇਈ ਅਤੇ ਪੈਨਸ਼ਨਰਜ਼ ਦੀ ਸਾਂਝੀ ਮੀਟਿੰਗ ਦੌਰਾਨ ਮੰਤਰੀ ਦਾ ਰਵੱਈਆ ਨਿਰਾਸ਼ਾਜਨਕ ਰਿਹਾ, ਜਿਸ ਕਾਰਨ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਇਸ ਦੇ ਵਿਰੋਧ ਵਿਚ ਜੱਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਗੇਟ ਰੈਲੀਆਂ ਅਤੇ ਪੁਤਲਾ ਸਾੜ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅੱਜ ਲੁਧਿਆਣਾ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਮੰਤਰੀ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਰਸ਼ਪਾਲ ਸਿੰਘ ਪਾਲੀ ਨੇ ਦੱਸਿਆ ਕਿ 21 ਅਪ੍ਰੈਲ ਨੂੰ ਲੁਧਿਆਣਾ ਵਿਚ ਸੂਬਾ ਪੱਧਰੀ ਮੀਟਿੰਗ ਹੋਵੇਗੀ, ਜਿਸ ਵਿਚ ਅਗਲੇ ਕੜੇ ਕਦਮਾਂ ਬਾਰੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਡਵੀਜ਼ਨਾਂ ਦੇ ਬਹੁਤ ਸਾਰੇ ਮੁਲਾਜ਼ਮ ਮੌਜੂਦ ਸਨ।