ਆਨੰਦ ਕਾਰਜਾਂ ਤੋਂ ਪਹਿਲਾਂ ਲਾੜੀ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਮੁੜੀ ਬਾਰਾਤ
ਆਨੰਦ ਕਾਰਜਾਂ ਤੋਂ ਪਹਿਲਾਂ ਲਾੜੀ ਨੇ ਲਾੜੇ ਨਾਲ ਵਿਆਹ ਤੋਂ ਕੀਤਾ ਇੰਨਕਾਰ
Publish Date: Mon, 11 May 2026 07:28 PM (IST)
Updated Date: Tue, 12 May 2026 04:10 AM (IST)

ਬਰਾਤੀ ਤੇ ਲੜਕੀ ਵਾਲੇ ਵੀ ਮੈਰਿਜ ਪੈਲੇਸ ’ਚੋਂ ਬੇਸੁਆਦੇ ਹੋ ਕੇ ਪਰਤੇ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਵਿਧਾਨ ਸਭਾ ਹਲਕਾ ਸਮਰਾਲਾ ਦੇ ਇੱਕ ਪਿੰਡ ਵਿਚ ਇੱਕ ਅਜਿਹਾ ਮਾਮਲੇ ਦੇਖਣ ਵਿਚ ਆਇਆ ਜਿਸ ਵਿਚ ਆਨੰਦ ਕਾਰਜਾਂ ਤੋਂ ਪਹਿਲਾਂ ਲਾੜੀ ਨੇ ਲਾੜੇ ਨਾਲ ਵਿਆਹ ਤੋਂ ਇੰਨਕਾਰ ਕਰ ਦਿੱਤਾ ਜਿਸ ਕਾਰਨ ਦੋਵੇਂ ਪਰਿਵਾਰਾਂ ਦੇ ਮੈਂਬਰ ਮਾਯੂਸ ਨਜ਼ਰ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਨਾਲ ਸਬੰਧਿਤ ਇੱਕ ਪਿੰਡ ਦਾ ਐੱਨ.ਆਰ.ਆਈ. ਲੜਕਾ ਵਿਦੇਸ਼ ਤੋਂ ਆਇਆ ਅਤੇ ਪਰਿਵਾਰ ਵਾਲਿਆਂ ਵਲੋਂ ਖੁਸ਼ੀ-ਖੁਸ਼ੀ ਇੱਕ ਲੜਕੀ ਨਾਲ ਉਸਦਾ ਰਿਸ਼ਤਾ ਪੱਕਾ ਕਰਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਵਾਲੇ ਸਾਰੇ ਸਮਾਗਮ ਬੜੇ ਹੀ ਚਾਂਈ-ਚਾਂਈ ਮਨਾਏ ਗਏ, ਸ਼ਗਨ ਤੇ ਹੋਰ ਰੀਤੀ-ਰਿਵਾਜਾਂ ਤੋਂ ਬਾਅਦ ਅੱਜ ਇੱਕ ਵੱਡੇ ਪੈਲੇਸ ਵਿਚ ਵਿਆਹ ਰੱਖਿਆ ਗਿਆ ਸੀ। ਪੈਲੇਸ ਵਿਚ ਜਾਣ ਤੋਂ ਪਹਿਲਾਂ ਲੜਕਾ ਤੇ ਲੜਕੀ ਦੋਵਾਂ ਦੇ ਲਾਵਾਂ ਹੋਣੀਆਂ ਸਨ ਜਿੱਥੇ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਪੁੱਜੇ। ਗੁਰੂ ਘਰ ਵਿਚ ਅਜੇ ਆਨੰਦ ਕਾਰਜਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਲਾੜੀ ਨੇ ਫੇਰਿਆਂ ਤੋਂ ਪਹਿਲਾਂ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ। ਜਦੋਂ ਲਾੜੀ ਨੇ ਵਿਆਹ ਤੋਂ ਇੰਨਕਾਰ ਕੀਤਾ ਤਾਂ ਦੋਵਾਂ ਪਰਿਵਾਰਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਵਿਆਹ ਸਿਰੇ ਚੜ੍ਹ ਜਾਵੇ ਪਰ ਲੜਕੀ ਬੇਜ਼ਿੱਦ ਰਹੀ। ਅਖੀਰ ਲਾੜਾ ਜੋ ਕਿ ਸਿਰ ’ਤੇ ਸਿਹਰਾ ਸਜਾ ਕੇ ਵਿਆਹ ਕਰਨ ਲਈ ਪੁੱਜਿਆ ਸੀ ਤੇ ਉਸਦੇ ਪਰਿਵਾਰਕ ਮੈਂਬਰ ਵੀ ਮਾਯੂਸ ਹੋ ਕੇ ਗੁਰੂ ਘਰ ਤੋਂ ਹੀ ਵਾਪਸ ਪਰਤ ਗਏ। ਲੜਕੀ ਨੇ ਵਿਆਹ ਤੋਂ ਇਨਕਾਰ ਕਿਉਂ ਕੀਤਾ, ਇਸ ਦੇ ਸਪੱਸ਼ਟ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਖ਼ਬਰ ਜਿਉਂ ਹੀ ਇਲਾਕੇ ’ਚਚ ਫੈਲੀ ਤਾਂ ਹਰ ਕੋਈ ਇਸ ਨੂੰ ਮੰਦਭਾਗਾ ਦੱਸ ਰਿਹਾ ਸੀ।