ਨ
ਬੈਂਸ ਨੇ ਵਾਰਡ ਨੰਬਰ 47 ਵਿੱਚ ਕਾਂਗਰਸ ਸਮਰਥਕਾਂ ਦੀ ਮੀਟਿੰਗ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Publish Date: Wed, 20 May 2026 06:42 PM (IST)
Updated Date: Thu, 21 May 2026 04:05 AM (IST)
-2027 'ਚ ਕਾਂਗਰਸ ਸਰਕਾਰ ਬਣਦੇ ਹੀ ਹਰ ਸਮੱਸਿਆ ਦਾ ਹੋਵੇਗਾ ਪਹਿਲ ਦੇ ਅਧਾਰ 'ਤੇ ਹੱਲ-ਬੈਂਸ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 47 ਦੇ ਕਰਤਾਰ ਨਗਰ ਵਿਖੇ ਪ੍ਰਧਾਨ ਭੋਲੂ ਦੇ ਵਿਸ਼ੇਸ਼ ਯਤਨਾਂ ਸਦਕਾ ਉਹਨਾਂ ਦੇ ਦੋਸਤ ਅਸ਼ੋਕ ਕੁਮਾਰ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਮੀਟਿੰਗ ਵਿੱਚ ਹਲਕੇ ਦੇ ਜੋਸ਼ੀਲੇ ਕਾਂਗਰਸ ਸਮਰਥਕਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਮੀਟਿੰਗ ਦੌਰਾਨ ਇਕੱਤਰ ਹੋਏ ਲੋਕਾਂ ਨੇ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ 'ਤੇ ਗਹਿਰੀ ਚਿੰਤਾ ਤੇ ਨਾਰਾਜ਼ਗੀ ਪ੍ਰਗਟਾਈ। ਸਥਾਨਕ ਨਿਵਾਸੀਆਂ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੀਆਂ ਦਰਪੇਸ਼ ਮੁਸ਼ਕਿਲਾਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਬੈਂਸ ਨੂੰ ਵਿਸਥਾਰਪੂਰਵਕ ਜਾਣੂੰ ਕਰਵਾਇਆ। ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਸੀਨੀਅਰ ਕਾਂਗਰਸੀ ਆਗੂ ਬੈਂਸ ਨੇ ਉਨ੍ਹਾਂ ਨੂੰ ਪੂਰਨ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਜਨਤਾ ਇਸ ਬਦਲਾਅ ਤੋਂ ਦੁਖੀ ਹੈ। ਬੈਂਸ ਨੇ ਦਾਅਵਾ ਕੀਤਾ ਕਿ ਸਾਲ 2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਦੇ ਹੀ ਕਰਤਾਰ ਨਗਰ ਸਮੇਤ ਪੂਰੇ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਵਾਰਡ ਪ੍ਰਧਾਨ ਭੋਲੂ, ਅਸ਼ੋਕ ਕੁਮਾਰ, ਰਾਜੇਸ਼ ਖੋਖਰ , ਬਲਾਕ ਪ੍ਰਧਾਨ ਟੋਨੀ ਅਰੋੜਾ, ਜਸਪਾਲ ਗਲਫ਼ ਅਤੇ ਹੋਰ ਪਤਵੰਤੇ ਸੱਜਣਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ।