ਮਲੇਰੀਆ ਦਿਵਸ ਮੌਕੇ ਸੈਮੀਨਾਰ ਤੇ ਨਾਟਕ ਰਾਹੀਂ ਜਾਗਰੂਕਤਾ ਫੈਲਾਈ
ਮਲੇਰੀਆ ਦਿਵਸ ਮੌਕੇ ਸੈਮੀਨਾਰ ਤੇ ਨਾਟਕ ਰਾਹੀਂ ਜਾਗਰੂਕਤਾ ਫੈਲਾਈ ਗਈ
Publish Date: Sat, 25 Apr 2026 08:00 PM (IST)
Updated Date: Sun, 26 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਅੱਜ ਪਲੈਨਿਟ ਈ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਨੂੰ ਮਲੇਰੀਆ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਸੀ। ਇਸ ਮੌਕੇ ਤੇ ਮਾਨੂੰਪੁਰ ਤੇ ਸਲੌਦੀ ਦੀਆਂ ਸਿਹਤ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਸਕੂਲ ’ਚ ਪਹੁੰਚ ਕੇ ਵਿਦਿਆਰਥੀਆਂ ਨੂੰ ਮਲੇਰੀਆ ਦੇ ਕਾਰਨ, ਲੱਛਣ ਤੇ ਇਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਵਿਦਿਆਰਥੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਮੱਛਰਾਂ ਤੋਂ ਬਚਾਅ, ਸਾਫ਼-ਸਫ਼ਾਈ ਬਣਾਈ ਰੱਖਣ, ਗੰਦੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤੇ ਮੱਛਰਦਾਨੀ ਦੀ ਵਰਤੋਂ ਕਰਨ ਵਰਗੇ ਸੁਨੇਹੇ ਦਿੱਤੇ ਗਏ। ਨਾਟਕ ਨੇ ਸਭ ਦਾ ਮਨ ਮੋਹ ਲਿਆ ਤੇ ਦਰਸ਼ਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਰਾਕੇਸ਼ ਠਾਕੁਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਸਮੇਂ ਦੀ ਲੋੜ ਹੈ ਤੇ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਸਕੂਲ ਪ੍ਰਬੰਧਕ ਕਮੇਟੀ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖ ਕੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਹੋਰਨਾਂ ਨੂੰ ਵੀ ਜਾਗਰੂਕ ਕਰਨਗੇ। ਇਹ ਸੈਮੀਨਾਰ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਇੱਕ ਸਰਾਹਣਯੋਗ ਕਦਮ ਸਾਬਤ ਹੋਇਆ।