ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼
Publish Date: Sat, 25 Apr 2026 05:59 PM (IST)
Updated Date: Sat, 25 Apr 2026 06:01 PM (IST)

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਕੋਤਵਾਲੀ ਦੇ ਅਧੀਨ ਪੈਂਦੀ ਦਿੱਲੀ ਦੇ ਕਾਰੋਬਾਰ ਦੀ ਇਕ ਜਾਇਦਾਦ ’ਤੇ ਸਾਜ਼ਿਸ਼ ਰਚ ਕੇ ਕਬਜ਼ਾ ਕਰਨ ਤੇ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਹਿਸਾਰ ਅਤੇ ਜਲੰਧਰ ਦੇ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਿਸਾਰ ਦੇ ਵਾਸੀ ਗੁਲਸ਼ਨ ਕੁਮਾਰ, ਜਲੰਧਰ ਦੇ ਰਹਿਣ ਵਾਲੇ ਬਲਦੇਵ ਰਾਜ ਮਨੋਚਾ ਅਤੇ ਉਸ ਦੇ ਪੁੱਤਰ ਰਾਜੇਸ਼ ਮਨੋਚਾ ਵਜੋਂ ਹੋਈ ਹੈ। ਪੁਲਿਸ ਨੇ ਇਹ ਕਾਰਵਾਈ ਦਿੱਲੀ ਦੇ ਕਾਰੋਬਾਰੀ ਸੁਮਿਤ ਖੰਨਾ ਦੀ ਸ਼ਿਕਾਇਤ ’ਤੇ ਕੀਤੀ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੁਮਿਤ ਖੰਨਾ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਇਲਾਕੇ ਅਧੀਨ ਉਸ ਦੀ ਮਹਿੰਗੀ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਯੋਜਨਾਬੱਧ ਤਰੀਕੇ ਨਾਲ ਉਸ ਦੀ ਜਾਇਦਾਦ ਦੇ ਤਾਲੇ ਤੋੜ ਦਿੱਤੇ। ਸ਼ਿਕਾਇਤਕਰਤਾ ਦੇ ਦੋਸ਼ ਹਨ ਕਿ ਮੁਲਜ਼ਮਾਂ ਨੇ ਅੰਦਰ ਪਿਆ ਸਾਮਾਨ ਚੋਰੀ ਕਰ ਕੇ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਮਾਲਕ ਨਾਲ ਧੋਖਾਧੜੀ ਕੀਤੀ। ਉਧਰੋਂ ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਅਮਾਨਤ ਵਿਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।