ਸਹਾਇਕ ਲਾਈਨਮੈਨਾਂ ਨੇ ਹੋਰ ਜੱਥੇਬੰਦੀਆਂ ਛੱਡ ਏਟਕ ’ਤੇ ਜਤਾਇਆ ਭਰੋਸਾ
ਸਹਾਇਕ ਲਾਈਨਮੈਨਾਂ ਨੇ ਹੋਰ ਜੱਥੇਬੰਦੀਆਂ ਛੱਡ ਏਟਕ ‘ਤੇ ਜਤਾਇਆ ਭਰੋਸਾ
Publish Date: Thu, 14 May 2026 06:35 PM (IST)
Updated Date: Fri, 15 May 2026 04:10 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਵੀਰਵਾਰ ਨੂੰ ਮਾਡਲ ਟਾਊਨ ਡਵੀਜ਼ਨ ਦੇ ਕਰੀਬ ਢਾਈ ਦਰਜਨ ਸਹਾਇਕ ਲਾਈਨਮੈਨ ਵੱਖ-ਵੱਖ ਜੱਥੇਬੰਦੀਆਂ ਨੂੰ ਅਲਵਿਦਾ ਆਖ ਕੇ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਵਿੱਚ ਸ਼ਾਮਲ ਹੋ ਗਏ। ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦੇ ਹੱਲ ਤੋਂ ਪ੍ਰਭਾਵਿਤ ਹੋ ਕੇ ਜੱਥੇਬੰਦੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਨਵੇਂ ਮੈਂਬਰਾਂ ਨੂੰ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ, ਸਰਕਲ ਪੱਛਮੀ ਦੇ ਪ੍ਰਧਾਨ ਗੁਰਮੁੱਖ ਸਿੰਘ, ਸਰਪ੍ਰਸਤ ਠਾਕੁਰ ਸੋਬਨ ਸਿੰਘ ਅਤੇ ਸਤੀਸ਼ ਭਾਰਦਵਾਜ ਦੀ ਹਾਜ਼ਰੀ ਵਿੱਚ ਜੱਥੇਬੰਦੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਡਵੀਜ਼ਨ ਪ੍ਰਧਾਨ ਕੁਲਜੀਤ ਸਿੰਘ, ਸਕੱਤਰ ਕਮਲਜੀਤ ਸਿੰਘ, ਜੇਈ ਮਕਸ਼ਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਵੀ ਮੌਜੂਦ ਰਹੇ। ਇਸ ਦੌਰਾਨ ਜੱਥੇਬੰਦੀ ਦੇ ਵਫ਼ਦ ਨੇ ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਇੰਜੀਨੀਅਰ ਤਰਸੇਮ ਲਾਲ ਬੈਂਸ ਨਾਲ ਮੁਲਾਕਾਤ ਕਰਕੇ ਸਹਾਇਕ ਲਾਈਨਮੈਨਾਂ ਦੇ ਮਸਲੇ ਉਠਾਏ। ਮੀਟਿੰਗ ਦੌਰਾਨ ਦੋ ਸਹਾਇਕ ਲਾਈਨਮੈਨਾਂ ਦੀ ਬਦਲੀ ਸਬੰਧੀ ਰਿਲੀਵਿੰਗ ਕਰਵਾਈ ਗਈ, ਜਦਕਿ ਲੰਮੇ ਸਮੇਂ ਤੋਂ ਲਟਕ ਰਹੇ ਲੋਡਾ (ਪੈਟਰੋਲ ਭੱਤਾ) ਦੇ ਮਾਮਲੇ ਨੂੰ ਵੀ ਹੋਰ ਡਵੀਜ਼ਨਾਂ ਦੀ ਤਰਜ਼ ‘ਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਡਵੀਜ਼ਨ ਦੇ ਸਹਾਇਕ ਲਾਈਨਮੈਨ ਕਈ ਪ੍ਰਸ਼ਾਸਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ, ਜਿਨ੍ਹਾਂ ਦੇ ਹੱਲ ਲਈ ਜੱਥੇਬੰਦੀ ਵੱਲੋਂ ਪਹਿਲਕਦਮੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਵਾਉਣ ਕਾਰਨ ਕਰਮਚਾਰੀਆਂ ਨੇ ਫੈਡਰੇਸ਼ਨ ਏਟਕ ‘ਤੇ ਭਰੋਸਾ ਜਤਾਉਂਦਿਆਂ ਜੱਥੇਬੰਦੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਾਜ਼ਮ ਹਿੱਤਾਂ ਦੀ ਲੜਾਈ ਅੱਗੇ ਵੀ ਉਸੇ ਤਰ੍ਹਾਂ ਜਾਰੀ ਰਹੇਗੀ।