ਸਹਾਇਕ ਕਮਿਸ਼ਨਰ ਜੈਨ ਨੇ ਕੀਤਾ ਫੀਲਡ ਸਰਵੇਖਣ ਦਾ ਨਿਰੀਖਣ
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀਰਜ ਜੈਨ ਨੇ ਕੀਤਾ ਫੀਲਡ ਸਰਵੇਖਣ ਦਾ ਨਿਰੀਖਣ
Publish Date: Thu, 21 May 2026 10:32 PM (IST)
Updated Date: Fri, 22 May 2026 04:17 AM (IST)
ਡਿਜੀਟਲ ਜਨਗਣਨਾ-2027 ; ਮਹੱਤਵਪੂਰਨ ਅਭਿਆਨ ਦੌਰਾਨ ਅਧਿਕਾਰੀਆਂ ਦੀ ਟੀਮ ਨੇ ਵਸਨੀਕਾਂ ਨਾਲ ਕੀਤੀ ਗੱਲਬਾਤ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਡਿਜੀਟਲ ਜਨਗਣਨਾ-2027 ਨੂੰ ਸਫਲਤਾਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਫੀਲਡ ਪੱਧਰ ‘ਤੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ-ਕਮ-ਜਨਗਣਨਾ ਚਾਰਜ ਅਫਸਰ ਨੀਰਜ ਜੈਨ ਵੀਰਵਾਰ ਨੂੰ ਖੁਦ ਚੰਡੀਗੜ੍ਹ ਰੋਡ ਇਲਾਕੇ ਵਿੱਚ ਪਹੁੰਚੇ ਅਤੇ ਗਿਣਤੀਕਾਰਾਂ ਵੱਲੋਂ ਕੀਤੇ ਜਾ ਰਹੇ ਘਰ-ਘਰ ਸਰਵੇਖਣ ਦਾ ਨਿਰੀਖਣ ਕੀਤਾ।
ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਫਸਰ ਡਾ. ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਇਸ ਮਹੱਤਵਪੂਰਨ ਅਭਿਆਨ ਦੌਰਾਨ ਨੀਰਜ ਜੈਨ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਟੀਮ ਨੇ ਵਸਨੀਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਦੇ ਕੰਮ ਨੂੰ ਰਾਸ਼ਟਰ ਨਿਰਮਾਣ ਨਾਲ ਜੁੜਿਆ ਮਹੱਤਵਪੂਰਨ ਅਭਿਆਨ ਸਮਝਦੇ ਹੋਏ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਨਿਰੀਖਣ ਦੌਰਾਨ ਸੁਪਰਡੈਂਟ ਸਤੀਸ਼ ਕੁਮਾਰ, ਜਨਗਣਨਾ ਦਫਤਰ ਤੋਂ ਸ਼ੁਭਮ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਟੀਮ ਨੇ ਫੀਲਡ ਵਿੱਚ ਤਾਇਨਾਤ ਗਿਣਤੀਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਸਰਵੇਖਣ ਪੂਰੀ ਸ਼ੁੱਧਤਾ ਅਤੇ ਜ਼ਿੰਮੇਵਾਰੀ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਜਨਗਣਨਾ-2027 ਦੇ ਘਰਾਂ ਦੀ ਸੂਚੀਕਰਨ ਪੜਾਅ ਤਹਿਤ ਘਰ-ਘਰ ਫੀਲਡ ਸਰਵੇਖਣ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਕਿ 13 ਜੂਨ 2026 ਤੱਕ ਜਾਰੀ ਰਹੇਗਾ। ਇਸ ਦੌਰਾਨ ਗਿਣਤੀਕਾਰ ਸਰਕਾਰ ਵੱਲੋਂ ਨਿਰਧਾਰਤ 33 ਸਵਾਲਾਂ ਦੇ ਆਧਾਰ ‘ਤੇ ਪਰਿਵਾਰਾਂ ਅਤੇ ਰਿਹਾਇਸ਼ੀ ਵੇਰਵਿਆਂ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨਗੇ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਵਸਨੀਕਾਂ ਨੇ ਪਹਿਲਾਂ ਹੀ ਸਵੈ-ਗਣਨਾ ਰਾਹੀਂ ਆਪਣੇ ਵੇਰਵੇ ਆਨਲਾਈਨ ਜਮ੍ਹਾਂ ਕਰਵਾ ਦਿੱਤੇ ਹਨ, ਉਨ੍ਹਾਂ ਨੂੰ ਸਿਰਫ ਆਪਣਾ ਐਸਈ-ਆਈਡੀ ਸਾਂਝਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਗਿਣਤੀਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਜਾਂ ਓਟੀਪੀ ਦੀ ਮੰਗ ਨਹੀਂ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਨੀਰਜ ਜੈਨ ਨੇ ਕਿਹਾ ਕਿ ਸਹੀ ਅਤੇ ਭਰੋਸੇਯੋਗ ਡੇਟਾ ਸਰਕਾਰ ਨੂੰ ਲੋਕ ਭਲਾਈ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਨਿਭਾਏ ਅਤੇ ਗਿਣਤੀਕਾਰਾਂ ਨਾਲ ਪੂਰਾ ਸਹਿਯੋਗ ਕਰੇ।