ਪ੍ਰਦਰਸ਼ਨ ਦੌਰਾਨ ਹੋਈ ਧੱਕਾ ਮੁੱਕੀ ’ਚ ਏਐੱਸਆਈ ਦੀ ਲੱਥੀ ਪੱਗ
ਪ੍ਰਦਰਸ਼ਨ ਦੌਰਾਨ ਹੋਈ ਧੱਕਾ ਮੁੱਕੀ ਦੌਰਾਨ ਏਐਸਆਈ ਦੀ ਲੱਥੀ ਪੱਗ
Publish Date: Mon, 11 May 2026 07:17 PM (IST)
Updated Date: Tue, 12 May 2026 04:10 AM (IST)
ਮਾਮਲਾ- ਸੀਪੀ ਦਫਤਰ ਨੂੰ ਤਾਲਾ ਲਾਉਣ ਜਾ ਰਹੇ ਭਾਜਪਾਈਆਂ ਨੂੰ ਪੁਲਿਸ ਵੱਲੋਂ ਰੋਕਣ ਦਾ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਬੀਤੇ ਕੱਲ ਭਾਜਪਾ ਦੇ ਮਾਡਲ ਟਾਊਨ ਸਥਿਤ ਜ਼ਿਲ੍ਹਾ ਦਫਤਰ ਦੇ ਬਾਹਰ ਹੋਈ ਝੜਪ ਤੋਂ ਬਾਅਦ ਭਾਜਪਾ ਦੇ ਆਗੂਆਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਨੂੰ ਤਾਲਾ ਲਾਉਣ ਦੇ ਐਲਾਨ ਕੀਤਾ ਹੋਇਆ ਸੀ। ਜਿਸ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਵੱਲੋਂ ਵੀ ਸੀਪੀ ਦਫਤਰ ਵੱਲ ਜਾਣ ਵਾਲੇ ਸਾਰੇ ਰਸਤਿਆਂ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਅੱਜ ਜਿਵੇਂ ਭਾਜਪਾ ਦੇ ਆਗੂ ਤੇ ਵਰਕਰ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸੀਪੀ ਦਫਤਰ ਨੂੰ ਤਾਲਾ ਲਗਾਉਣ ਲਈ ਅੱਗੇ ਵਧੇ ਤਾਂ ਸਥਿਤੀ ਤਣਾਅ ਪੂਰਨ ਹੁੰਦੀ ਦਿਖਾਈ ਦਿੱਤੀ ਜਦੋਂ ਭਾਜਪਾਈ ਬੈਰੀਗੇਟਾਂ ਦੇ ਉੱਪਰ ਚੜਨ ਲੱਗੇ। ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਸੀ, ਪਰ ਭਾਜਪਾਈ ਸੀਪੀ ਦਫਤਰ ਦੇ ਅੰਦਰ ਜਾਣ ਤੇ ਅੜੇ ਹੋਏ ਸਨ, ਜਿਸ ਕਾਰਨ ਦੋਵਾਂ ਪੱਖਾਂ ਵਿਚਾਲੇ ਖਿੱਚ ਧੂਹ ਵੀ ਹੋਈ। ਇਸ ਖਿੱਚ ਧੂਹ ਦੌਰਾਨ ਪੁਲਿਸ ਦੇ ਇੱਕ ਏਐਸਆਈ ਦੀ ਪੱਗ ਲੱਥ ਗਈ। ਸਿਰ ਤੋਂ ਪੱਗ ਲੱਥਦੇ ਹੀ ਉਕਤ ਏਐਸਆਈ ਨੇ ਆਪਣੀ ਪੱਗ ਹੇਠਾਂ ਗਿਰਨ ਤੋਂ ਬਚਾਈ ਤੇ ਉਹ ਪਿੱਛੇ ਹਟਿਆ। ਜਿਸ ਤੋਂ ਕੁਝ ਮਿੰਟ ਬਾਅਦ ਹੀ ਉਕਤ ਏਐਸਆਈ ਮੁੜ ਆਪਣੀ ਡਿਊਟੀ ਤੇ ਆ ਗਿਆ। ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਭਾਜਪਾਈਆਂ ਨੂੰ ਬੈਰੀਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ।