ਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਰਗਰਮ ਹੋਏ ਦਾਅਵੇਦਾਰ
ਜਗਰਾਓਂ ’ਚ ਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਰਗਰਮ ਹੋਏ ਦਾਅਵੇਦਾਰ
Publish Date: Mon, 11 May 2026 07:00 PM (IST)
Updated Date: Tue, 12 May 2026 04:09 AM (IST)

-ਕਾਂਗਰਸ ਕੋਲ ਵਾਧੂ ਉਮੀਦਵਾਰ, ਅਕਾਲੀ ਦਲ ਦੂਜੀ ਸੂਚੀ ਜਾਰੀ ਕਰਨ ਦੀ ਤਿਆਰੀ ’ਚ, ਆਪ ਨੇ ਅਜੇ ਨਹੀਂ ਖੋਲ੍ਹੇ ਪਾਸੇ -ਇਸ ਵਾਰ ਭਾਜਪਾ ਵੀ ਕਈ ਵਾਰਡਾਂ ’ਚ ਟੱਕਰ ਦੀ ਤਿਆਰੀ ’ਚ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਠੀਕ 15 ਦਿਨ ਬਾਅਦ 26 ਮਈ ਨੂੰ ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਸਰਗਰਮੀਆਂ ਇਕਦਮ ਤੋਂ ਤੇਜ਼ ਹੋ ਗਈਆਂ। ਅਜਿਹੇ ਵਿਚ ਜਿੱਥੇ ਕਾਂਗਰਸ ਕੋਲ ਵਾਧੂ ਉਮੀਦਵਾਰ ਹਨ, ਉਥੇ ਅਕਾਲੀ ਦਲ ਪਹਿਲਾਂ ਹੀ 6 ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਦੂਜੀ ਸੂਚੀ ਜਾਰੀ ਕਰਨ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਸੱਤਾਧਿਰ ਆਮ ਆਦਮੀ ਪਾਰਟੀ ਦੀ ਸੂਚੀ ਨੂੰ ਲੈ ਕੇ ਅਜੇ ਕੋਈ ਵਾਈ- ਧਾਈ ਨਹੀਂ ਪਰ ਗਿਣਤੀ ਦੇ ਕੁਝ ਵਾਰਡਾਂ ਵਿਚ ਆਪ ਦੀ ਟਿਕਟ ਤੋਂ ਚੋਣ ਲੜਨ ਵਾਲੇ ਸਰਗਰਮ ਜ਼ਰੂਰ ਹਨ। ਇਨ੍ਹਾਂ ਦੀ ਸਰਗਰਮੀ ਦੇਖੀਏ ਤਾਂ ਬਹੁਤੇ ਵਾਰਡਾਂ ਵਿਚ ਆਪ ਦੇ ਦਾਅਵੇਦਾਰ ਕਿਤੇ ਨਜ਼ਰ ਨਹੀਂ ਆ ਰਹੇ। ਅਜਿਹੇ ਵਿਚ ਇਸ ਵਾਰ ਭਾਰਤੀ ਜਨਤਾ ਪਾਰਟੀ ਵੀ ਤਿੰਨੋਂ ਮੁੱਖ ਰਾਜਨੀਤਿਕ ਪਾਰਟੀਆਂ ਨੂੰ ਟੱਕਰ ਦੇਣ ਲਈ ਤਿਆਰ ਬਰ ਤਿਆਰ ਹੈ। ਭਾਜਪਾ ਨਾਲ ਜੁੜੇ ਕਈ ਟਿਕਟ ਦੇ ਦਾਅਵੇਦਾਰ ਕਈ ਵਾਰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਚੋਣ ਲੜਨ ਦੀ ਤਿਆਰੀ ਵਿੱਢ ਚੁੱਕੇ ਹਨ। ਸੋਮਵਾਰ ਨੂੰ ਚੋਣਾਂ ਦੇ ਐਲਾਨ ਦੀ ਭਵਿੱਖਬਾਣੀ ਸੱਚ ਹੁੰਦਿਆਂ ਹੀ ਚਾਰੇ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਆਜ਼ਾਦ ਦਾਅਵੇਦਾਰ ਚੋਣ ਅਖਾੜੇ ਵਿਚ ਇਕਦਮ ਤੋਂ ਸਰਗਰਮ ਹੋ ਗਏ ਹਨ। ਇਨ੍ਹਾਂ ਦਾਅਵੇਦਾਰਾਂ ਵੱਲੋਂ ਬਕਾਇਦਾ ਆਪਣੇ ਸਮਰਥਕਾਂ ਨਾਲ ਫੋਨ ’ਤੇ ਰਾਬਤਾ ਬਣਾਉਂਦਿਆਂ ਚੋਣ ਲੜਨ ਦੀ ਫਾਈਨਲ ਰਣਨੀਤੀ ਘੜਨ ਨੂੰ ਮੀਟਿੰਗਾਂ ਸੱਦ ਲਈਆਂ ਹਨ। -ਰਾਜਨੀਤਿਕ ਆਕਾਵਾਂ ਦੇ ਘਰ ਗੇੜੀਆਂ ਸ਼ੁਰੂ ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਰੀਕਾਂ ਦੇ ਐਲਾਨ ਦੇ ਨਾਲ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਚੋਣ ਲੜਨ ਲਈ ਅੱਗੇ ਆਏ ਦਾਅਵੇਦਾਰਾਂ ਨੇ ਰਾਜਨੀਤਿਕ ਆਕਾਵਾਂ ਦੇ ਘਰ ਗੇੜੀਆਂ ਤੇਜ ਕਰ ਦਿੱਤੀਆਂ ਹਨ। ਜਿਸ ਦਾ ਮੁੱਖ ਮਕਸਦ ਉਨ੍ਹਾਂ ਦੀ ਟਿਕਟ ਪੱਕੀ ਕਰਨਾ ਹੈ। ਅਜਿਹੇ ਵਿਚ ਟਿਕਟਾਂ ਦੀ ਵੰਡ ਲਈ ਜਿੱਥੇ ਕਾਂਗਰਸ ਨੂੰ ਵੱਧ ਦਾਅਵੇਦਾਰਾਂ ਦੀ ਅਰਜ਼ੀਆਂ ਕਾਰਨ ਐਲਾਨ ਵਿਚ ਦਿੱਕਤ ਆ ਸਕਦੀ ਹੈ। ਅਕਾਲੀ ਦਲ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਅਜੇ ਤੱਕ ਇੱਕ ਵਾਰਡ ’ਚ ਇੱਕੋ ਦਾਅਵੇਦਾਰ ਸਾਹਮਣੇ ਆ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਕੁਝ ਵਾਰਡਾਂ ਵਿਚ ਅਜੇ ਅਕਾਲੀ ਦਲ ਨੂੰ ਵੀ ਦਾਅਵੇਦਾਰਾਂ ਦੀ ਭਾਲ ਹੈ। ਇਸੇ ਤਰ੍ਹਾਂ ਆਪ ਵੀ ਕਈ ਵਾਰਡਾਂ ਵਿਚ ਤਾਂ ਦਾਅਵੇਦਾਰ ਪੱਕੀ ਕਰੀ ਬੈਠੀ ਹੈ ਪਰ ਕਈ ਵਾਰਡਾਂ ਵਿਚ ਆਪ ਨੂੰ ਵੀ ਉਮੀਦਵਾਰਾਂ ਦੀ ਗੁਆਚਿਆਂ ਦੀ ਭਾਲ ਵਾਂਗ ਤਲਾਸ਼ ਹੈ। ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਕੁਝ ਸੀਟਾਂ ’ਤੇ ਦਾਅਵੇਦਾਰ ਪੱਕੇ ਕਰੀ ਬੈਠੀ ਹੈ ਪਰ ਉਨ੍ਹਾਂ ਨੂੰ ਕਈ ਵਾਰਡਾਂ ਵਿਚ ਉਮੀਦਵਾਰਾਂ ਦੀ ਤੇਜੀ ਨਾਲ ਤਲਾਸ਼ ਹੈ। ਅਖੇ ਇਸ ਵਾਰ ਇਕ ਪਰਿਵਾਰ ਨੂੰ ਦੇਣੀ ਇਕ ਟਿਕਟ ਕਈ ਵਾਰਡਾਂ ਵਿਚ ਕਾਂਗਰਸ ਦੇ ਦਾਅਵੇਦਾਰਾਂ ਨੇ ਇੱਕ ਦੀ ਥਾਂ ਦੋ-ਦੋ ਵਾਰਡਾਂ ਵਿਚ ਟਿਕਟ ਦੀ ਮੰਗ ਕਰ ਚੁੱਕੇ ਹਨ। ਜਿਨ੍ਹਾਂ ਵੱਲੋਂ ਬੀਤੀ ਕੱਲ੍ਹ ਜਗਰਾਓਂ ਪੁੱਜੇ ਕਾਂਗਰਸ ਦੇ ਆਬਜਰਵਰ ਪਵਨ ਦੀਵਾਨ ਨੂੰ ਅਰਜੀਆਂ ਦਿੱਤੀਆਂ ਗਈਆਂ ਹਨ। ਇਹੀ ਨਹੀਂ ਇੱਕ ਪਰਿਵਾਰ ’ਚ ਇਸ ਵਾਰ ਵੀ ਦੋ ਟਿਕਟਾਂ ਮੰਗਣ ਦਾ ਰਿਵਾਜ਼ ਜਾਰੀ ਰਿਹਾ। ਹਾਲਾਂਕਿ ਘੁਸਰ ਮੁਸਰ ਤਾਂ ਇਹ ਵੀ ਹੋ ਰਹੀ ਹੈ ਕਿ ਇਸ ਵਾਰ ਕਾਂਗਰਸ ਇੱਕ ਪਰਿਵਾਰ ਨੂੰ ਇਕੋ ਟਿਕਟ ਦੇਵੇਗੀ ਪਰ ਕਾਂਗਰਸੀ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪਾਰਟੀ ਐਨ ਮੌਕੇ ’ਤੇ ਕੁਝ ਵੀ ਨਵਾਂ ਕਰ ਸਕਦੀ ਹੈ। ਇਸ ਲਈ ਟਿਕਟਾਂ ਦੇ ਐਲਾਨ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਜਗਰਾਓਂ ’ਚ ਕਈ ਪੁਰਾਣੇ ਹੀ ਫਿਰ ਤਰਲੋ ਮੱਛੀ, ਨਵੇਂ ਵੀ ਲੜਨਗੇ ਚੋਣਾਂ ਜਗਰਾਓਂ ਨਗਰ ਕੌਂਸਲ ’ਚ ਪਿਛਲੇ ਪੰਜ ਸਾਲ ਸ਼ਹਿਰ ਦੇ ਵਿਕਾਸ ਲਈ ਡੱਕਾ ਨਾ ਤੋੜਨ ਅਤੇ ਆਪਸੀ ਧੜੇਬਾਜ਼ੀ ਕਾਰਨ ਪੰਜ ਸਾਲ ਲੜਦੇ ਲੜਾਉਂਦੇ ਕੱਢਣ ਵਾਲੇ ਕੌਂਸਲਰਾਂ ’ਚੋਂ ਇਸ ਵਾਰ ਫਿਰ ਪੁਰਾਣੇ ਕਈ ਕੌਂਸਲਰ ਫਿਰ ਚੋਣ ਲੜਨ ਲਈ ਤਰਲੋ ਮੱਛੀ ਹਨ। ਜਿਨ੍ਹਾਂ ਵਿਚੋਂ ਬਹੁਤੇ ਕਾਂਗਰਸ ਨਾਲ ਜੁੜੇ ਹੋਏ ਹਨ। ਉਹ ਇਸ ਵਾਰ ਵੀ ਚੋਣ ਲੜਨ ਲਈ ਪੂਰੀ ਤਿਆਰੀ ਕਰ ਚੁੱਕੇ ਹਨ। ਲੋਕ ਉਨ੍ਹਾਂ ਨੂੰ ਇਸ ਵਾਰ ਕਿੰਨਾਂ ਕੁ ਸਮਰਥਣ ਦਿੰਦੇ ਹਨ, ਜਿਸ ਦਾ ਸੱਚ ਸਾਹਮਣੇ 29 ਮਈ ਨੂੰ ਵੋਟਾਂ ਦੇ ਨਤੀਜੇ ਵਾਲੇ ਦਿਨ ਆ ਜਾਵੇਗਾ ਪਰ ਇਸ ਵਾਰ ਕਈ ਨਵੇਂ ਚਿਹਰੇ ਜਿਨ੍ਹਾਂ ਵਿਚੋਂ ਬਹੁਤੇ ਆਜ਼ਾਦ ਵੀ ਜਨਤਾ ਦੀ ਕਚਹਿਰੀ ਵਿਚ ਜਗਰਾਓਂ ਦੀ ਕਾਇਆ ਕਲਪ ਦੇ ਵਾਅਦੇ ਕਰ ਕੇ ਨਿੱਤਰਨ ਲਈ ਤਿਆਰੀ ਕਰ ਚੁੱਕੇ ਹਨ। -ਕੂੜਾ ਸਾਨੂੰ ਚੁਕਾ ਦਿਓ ਪਰ ਵੋਟਾਂ ’ਚ ਜ਼ਰੂਰ ਜਿਤਾ ਦਿਓ ਜਗਰਾਓਂ ਨਗਰ ਕੌਂਸਲ ਚੋਣਾਂ ’ਚ ਕਿਸਮਤ ਅਜਮਾ ਰਹੇ ਦਾਅਵੇਦਾਰ ਵੋਟਰਾਂ ਨੂੰ ਭਰਮਾਉਣ ਲਈ ਵਿਚਾਰੇ ਕੂੜਾ ਤੱਕ ਚੁੱਕ ਰਹੇ ਹਨ। ਜਗਰਾਓਂ ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਦੇ ਪਿਛਲੇ 6 ਦਿਨਾਂ ਤੋਂ ਹੜਤਾਲ ਤੇ ਹੋਣ ਕਾਰਨ ਕਈ ਵਾਰਡਾਂ ਵਿਚ ਚੋਣ ਲੜਨ ਲਈ ਅੱਗੇ ਆਏ ਦਾਅਵੇਦਾਰ ਵੋਟਰਾਂ ਦੇ ਘਰ ਘਰ ਪ੍ਰਚਾਰ ਕਰਨ ਦੀ ਥਾਂ ਕੂੜਾ ਚੁੱਕ ਰਹੇ ਹਨ।