ਸੀ ਪ੍ਰੋਗਰਾਮਿੰਗ ’ਚ ਮਨਜੋਤ ਸਿੰਘ ਤੇ ਵੈੱਬ ’ਚ ਵਾਰਿਸ ਸਹੋਤਾ ਅੱਵਲ
ਏਐਸ ਕਾਲਜ ਖੰਨਾ ਨੇ ਪ੍ਰੋਗਰਾਮਰ ਦਿਵਸ ਮਨਾਇਆ
Publish Date: Mon, 15 Sep 2025 08:11 PM (IST)
Updated Date: Mon, 15 Sep 2025 08:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਏਐੱਸ ਕਾਲਜ ਖੰਨਾ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਨੇ ਅੰਤਰਰਾਸ਼ਟਰੀ ਪ੍ਰੋਗਰਾਮਰ ਦਿਵਸ ਮਨਾਇਆ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਕੀਤਾ ਤੇ ਕਿਹਾ ਕਿ ਅਸੀਂ ਪ੍ਰੋਗਰਾਮਰਾਂ ਦੁਆਰਾ ਤਿਆਰ ਕੀਤੇ ਗਏ ਸਾਫਟਵੇਅਰ ਦੀ ਵਰਤੋਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕਰਦੇ ਹਾਂ, ਜਿਸ ਲਈ ਸਾਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹਾ ਸਾਫਟਵੇਅਰ ਵਿਕਸਤ ਕਰਨ ਦੀ ਅਪੀਲ ਕੀਤੀ ਜੋ ਮਨੁੱਖਤਾ ਲਈ ਉਪਯੋਗੀ ਹੋਵੇ। ਵਿਭਾਗ ਦੇ ਮੁਖੀ ਡਾ. ਵਿਵੇਕ ਭਾਂਬਰੀ ਨੇ ਦੱਸਿਆ ਕਿ ਇਸ ਮੌਕੇ ਬੀਸੀਏ-1 ਦੇ ਵਿਦਿਆਰਥੀਆਂ ਲਈ ਸੀ-ਪ੍ਰੋਗਰਾਮਿੰਗ ਤੇ ਵੈੱਬ ਪ੍ਰੋਗਰਾਮਿੰਗ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਮਨਜੋਤ ਸਿੰਘ ਨੇ ਸੀ-ਪ੍ਰੋਗਰਾਮਿੰਗ ’ਚ ਪਹਿਲਾ ਸਥਾਨ, ਰਵੀਨਾ ਨੇ ਦੂਜਾ ਸਥਾਨ, ਯਾਦਵਿੰਦਰ ਸਿੰਘ ਨੇ ਤੀਜਾ ਸਥਾਨ ਤੇ ਵਾਰਿਸ਼ ਸਹੋਤਾ ਨੂੰ ਹੌਸਲਾ ਇਨਾਮ ਮਿਲਿਆ। ਵੈੱਬ ਪ੍ਰੋਗਰਾਮਿੰਗ ’ਚ ਵਾਰਿਸ਼ ਸਹੋਤਾ ਨੇ ਪਹਿਲਾ ਸਥਾਨ, ਦਿਨੇਸ਼ ਕੁਮਾਰ ਨੇ ਦੂਜਾ ਸਥਾਨ ਅਤੇ ਯਸ਼ ਕੌਸ਼ਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਜ਼ਿੰਮੇਵਾਰ ਪ੍ਰੋਗਰਾਮਰ ਬਣਨ ’ਤੇ ਸਮਾਜ ਲਈ ਉਪਯੋਗੀ ਸਾਫਟਵੇਅਰ ਵਿਕਸਤ ਕਰਨ ਦੀ ਸਹੁੰ ਚੁੱਕੀ। ਜੇਤੂਆਂ ਨੂੰ ਕਾਲਜ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਦਿੱਤੇ ਗਏ। ਵਿਭਾਗ ਦੇ ਫੈਕਲਟੀ ਮੈਂਬਰਾਂ ਡਾ. ਅਨਿਲ ਕੁਮਾਰ, ਡਾ. ਰਾਜਨ ਮੇਨਰੋ, ਪ੍ਰੋ. ਸ਼ਾਰਦਾ ਰਾਣੀ, ਪ੍ਰੋ. ਪੂਨਮ, ਡਾ. ਰਾਜੀਵ ਸ਼ਰਮਾ, ਪ੍ਰੋ. ਮੀਨਾਕਸ਼ੀ ਸ਼ਰਮਾ, ਪ੍ਰੋ. ਮੁਕਤਾਵਲੀ ਤੇ ਦਲਵੀਰ ਸਿੰਘ ਨੇ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਏਐੱਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੇ ਸੂਦ ਨੇ ਵਿਭਾਗ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।