ਅਰੋੜਾ ਨੇ ਹਲਕਾ ਲੁਧਿਆਣਾ ਪੱਛਮੀ ਦੇ ਨਿਵਾਸੀਆਂ ਨੂੰ ਬਹੁਤ ਵੱਡਾ ਧੋਖਾ ਦਿੱਤਾ-ਐਡਵੋਕੇਟ ਘੁੰਮਣ

-ਕਿਹਾ, ਇਹ ਸਿਰਫ਼ ਵਿੱਤੀ ਘੁਟਾਲਾ ਨਹੀਂ ਸਗੋਂ ਲੁਧਿਆਣਾ ਦੇ ਲੋਕਾਂ ਨਾਲ ਵੱਡਾ ਸਿਆਸੀ ਧੋਖਾ
-ਅਕਾਲੀ ਦਲ ਨੇ ਪੂਰੇ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਜਨਤਾ ਦੇ ਪੈਸੇ ਦਾ ਹਿਸਾਬ ਲੈਣ ਦੀ ਮੰਗ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਅਤੇ ਕਰੋੜਾਂ ਰੁਪਏ ਦੇ ਵਿੱਤੀ ਘਪਲਿਆਂ ਦੇ ਖੁਲਾਸੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਐਡਵੋਕੇਟ ਘੁੰਮਣ ਨੇ ਕਿਹਾ ਕਿ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਦੇ ਨਿਵਾਸੀਆਂ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਜਿਸ ਹਲਕੇ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਵਿੱਚ ਵੋਟਾਂ ਪਾਈਆਂ ਸਨ, ਉਸੇ ਹਲਕੇ ਦੇ ਨੁਮਾਇੰਦੇ ਅੱਜ ਮਨੀ ਲਾਂਡਰਿੰਗ ਅਤੇ ਫਰਜ਼ੀਵਾੜੇ ਦੇ ਗੰਭੀਰ ਦੋਸ਼ਾਂ ਹੇਠ ਹਨ। ਐਡਵੋਕੇਟ ਘੁੰਮਣ ਨੇ ਈਡੀ ਦੀ ਜਾਂਚ ਦੇ ਹਵਾਲੇ ਨਾਲ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ 157.12 ਕਰੋੜ ਦਾ ਫਰਜ਼ੀਵਾੜਾ ਸੰਜੀਵ ਅਰੋੜਾ ਨਾਲ ਜੁੜੀਆਂ ਫਰਮਾਂ ਰਾਹੀਂ ਸ਼ੈੱਲ ਕੰਪਨੀਆਂ ਅਤੇ ਜਾਅਲੀ ਬਿੱਲਾਂ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਦੀਆਂ ਫਰਜ਼ੀ ਸੇਲਾਂ ਦਿਖਾਈਆਂ ਗਈਆਂ, ਵਿਦੇਸ਼ੀ ਫੰਡਾਂ ਦੀ ਰਾਊਂਡ-ਟ੍ਰਿੱਪਿੰਗ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 102.50 ਕਰੋੜ ਦੀ ਐਕਸਪੋਰਟ ਸਿਰਫ਼ ਯਏਈ ਦੀਆਂ ਦੋ ਇਕਾਈਆਂ ਰਾਹੀਂ ਰੂਟ ਕੀਤੀ ਗਈ, ਜੋ ਕਿ ਫੇਮਾ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਈਡੀ ਵੱਲੋਂ ਐਕਸਿਸ, ਐਸਬੀਆਈ, ਐਚਡੀਐਫ਼ਸੀ, ਆਈਸੀਆਈਸੀ ਅਤੇ ਕੋਟਕ ਮਹਿੰਦਰਾ ਵਰਗੇ ਬੈਂਕਾਂ ਦੇ ਖਾਤੇ, ਡੀਮੈਟ ਅਕਾਊਂਟਸ ਅਤੇ ਲੁਧਿਆਣਾ ਸਮੇਤ ਮੋਹਾਲੀ-ਗੁਰੂਗ੍ਰਾਮ ਦੀਆਂ ਲਗਜ਼ਰੀ ਜਾਇਦਾਦਾਂ ਨੂੰ ਅਟੈਚ ਕਰਨਾ ਸਾਬਤ ਕਰਦਾ ਹੈ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ।
ਐਡਵੋਕੇਟ ਘੁੰਮਣ ਨੇ ਕਿਹਾ ਕਿ ਹੈਮਟਨ ਸਕਾਈ ਰਿਐਲਟੀ ਲਿਮਟਿਡ ਦਾ ਸੱਚ ਸੰਜੀਵ ਅਰੋੜਾ ਜੋ ਇਸ ਕੰਪਨੀ ਦੇ ਡਾਇਰੈਕਟਰ ਅਤੇ ਪ੍ਰਮੋਟਰ ਹਨ,ਉਸ ਨੇ ਨਿਵੇਸ਼ਕਾਂ ਅਤੇ ਜਨਤਾ ਦੇ ਭਰੋਸੇ ਦੀ ਦੁਰਵਰਤੋਂ ਕੀਤੀ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿੱਤੀ ਘੁਟਾਲਾ ਨਹੀਂ ਹੈ, ਸਗੋਂ ਲੁਧਿਆਣਾ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਵੱਡਾ ਸਿਆਸੀ ਧੋਖਾ ਹੈ। "ਈਮਾਨਦਾਰੀ" ਦਾ ਚੋਲਾ ਪਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਮੰਤਰੀ ਹੁਣ ਸ਼ੈੱਲ ਕੰਪਨੀਆਂ ਅਤੇ ਬੋਗਸ ਐਕਸਪੋਰਟ ਰਾਹੀਂ ਜਨਤਾ ਦਾ ਪੈਸਾ ਲੁੱਟ ਰਹੇ ਹਨ। ਉਨ੍ਹਾਂ ਅੱਗੇ ਚੇਤਾਵਨੀ ਦਿੱਤੀ ਕਿ ‘ਅਭੀ ਤੋ ਪਿਕਚਰ ਬਾਕੀ ਹੈ’, ਕਿਉਂਕਿ ਇਸ ਨੈੱਟਵਰਕ ਦੀਆਂ ਤਾਰਾਂ ਹੋਰ ਵੀ ਕਈ ਵੱਡੇ ਆਗੂਆਂ ਨਾਲ ਜੁੜੀਆਂ ਹੋਣ ਦਾ ਸ਼ੱਕ ਹੈ। ਸ੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਂਚ ਹੋਵੇ ਅਤੇ ਲੁਧਿਆਣਾ ਦੀ ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇ।