ਬਲੌਜ਼ਮ ਸਕੂਲ ’ਚ ਇਨਵੈਸਚਰ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ
ਬਲੌਜ਼ਮ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Wed, 06 May 2026 06:58 PM (IST)
Updated Date: Thu, 07 May 2026 04:11 AM (IST)

-06 ਬਲੌਜ਼ਮ ਸਕੂਲ ਵਿਖੇ ਕਰਵਾਏ ਸਾਲਾਨਾ ਸਮਾਗਮ ਵਿਚ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਪ੍ਰਿੰਸੀਪਲ ਡਾ: ਨਵਨੀਤ ਕੌਰ, ਮਹਿਮਾਨ ਤੇ ਅਧਿਆਪਕ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਬਲੌਜ਼ਮ ਕਾਨਵੈਂਟ ਸਕੂਲ ਵਿਖੇ ਇਨਵੈਸਚਰ ਸੈਰੇਮਨੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਸਕੂਲ ਦਾ ਵੱਖ ਵੱਖ ਖੇਤਰਾਂ ਵਿਚ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਸਕੂਲ ਅੰਦਰ ਚੱਲ ਰਹੇ ਹਾਊਸਜ਼ ਦੇ ਅਹੁਦੇਦਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਵਿਚ “ਮੁੱਖ ਮਹਿਮਾਨ”ਵਜੋਂ ਪਰਮਿੰਦਰ ਸਿੰਘ ਐੱਸਐੱਚਓ ਥਾਣਾ ਸਿਟੀ ਜਗਰਾਓਂ ਅਤੇ “ਗੈੱਸਟ ਆਫ਼ ਆਨਰ ਵਜੋਂ ਅਮਰਜੀਤ ਸਿੰਘ ਗਿੱਲ ਐੱਸਐੱਚਓ ਸਿਧਵਾਂ ਬੇਟ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਦੋ-ਪਹੀਆ ਵਾਹਨ ਬਿਨਾਂ ਲਾਇਸੈਂਸ ਦੇ ਨਾ ਚਲਾਉਣ ਅਤੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਪਿ੍ਰੰਸੀਪਲ ਡਾ: ਨਵਨੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਅਹੁਦਿਆਂ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿੱਚ ਲੀਡਰਸ਼ਿਪ ਗੁਣ ਪੈਦਾ ਹੁੰਦੇ ਹਨ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਸਮਰੱਥ ਬਣਦੇ ਹਨ। ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਕੌਂਸਲ ਮੈਂਬਰਾਂ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਵਿੱਚ ਅਜਿਹੇ ਗੁਣਾਂ ਨੂੰ ਭਰਨਾ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਦੇ ਬਰਾਬਰ ਹੁੰਦਾ ਹੈ। ਇਨ੍ਹਾਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਤਹਿਤ ਹੀ ਵਿਦਿਆਰਥੀ ਉੱਚ ਮੰਜ਼ਿਲਾਂ ਤੱਕ ਪਹੁੰਚਣਾ ਸਿੱਖਣਗੇ ਅਤੇ ਆਉਣ ਵਾਲੇ ਭਵਿੱਖ ਲਈ ਇਕ ਜ਼ਿੰਮੇਵਾਰ ਨਾਗਰਿਕ ਬਣ ਸਕਣਗੇ। ਇਸ ਮੌਕੇ ਹੈੱਡ ਬੁਆਏ ਗੁਰਪ੍ਰੀਤ ਸਿੰਘ ਤੇ ਹੈੱਡ ਗਰਲ ਨਵਜੀਤ ਕੌਰ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਹੁੰ ਚੁੱਕੀ ਇਸ ਦੇ ਨਾਲ ਹੀ ਪਿਛਲੀਆਂ ਜਮਾਤਾਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਟਰਾਫ਼ੀਆਂ ਦਿੱਤੀਆਂ ਗਈਆਂ, ਉੱਥੇ ਹੀ ਓਵਰਆਲ ਕਲਾਸਾਂ ਵਿੱਚੋਂ ਅੱਵਲ ਵਿਦਿਆਰਥੀਆਂ ਨੂੰ ਰਾਸ਼ੀ ਵਜੋਂ ਵਾਊਚਰ ਦੇ ਕੇ ਉਨ੍ਹਾਂ ਦੀ ਕੀਤੀ ਮਿਹਨਤ ਨੂੰ ਬਾਕੀ ਵਿਦਿਆਰਥੀਆਂ ਲਈ ਪੇ੍ਰਨਾਦਾਇਕ ਵੀ ਬਣਾਇਆ ਗਿਆ।