ਸੀਪੀ ਦਫਤਰ ਨੂੰ ਤਾਲਾ ਲਗਾਉਣ ਦਾ ਐਲਾਨ, ਭਾਜਪਾ ਵੱਲੋਂ ਰੋਸ ਮਾਰਚ ਅੱਜ-ਸਰੀਨ

-ਪੁਲਿਸ ਦੀ ਛਤਰ-ਛਾਇਆ ’ਚ ‘ਆਪ’ ਦਾ ਭਾਜਪਾ ਦਫਤਰ ਦੇ ਬਾਹਰ ਨੰਗਾ ਨਾਚ : ਧੀਮਾਨ
-ਆਪ ਵਰਕਰਾਂ ਦੇ ਰੋਸ ਪ੍ਰਦਰਸ਼ਨ ਨੂੰ ਭਾਜਪਾ ਆਗੂਆ ਨੇ ‘ਗੁੰਡਾਗਰਦੀ ਦਾ ਨੰਗਾ ਨਾਚ’ ਕਰਾਰ ਦਿੱਤਾ
---
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਜ਼ਿਲ੍ਹਾ ਦਫਤਰ ਦੁੱਗਰੀ ਰੋਡ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ “ਗੁੰਡਾਗਰਦੀ ਦਾ ਨੰਗਾ ਨਾਚ” ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਕੱਲ੍ਹ 11 ਮਈ ਦਿਨ ਸੋਮਵਾਰ ਸਵੇਰੇ 11.30 ਵਜੇ ਸੀਪੀ ਦਫਤਰ ਨੂੰ ਤਾਲਾ ਲਗਾ ਕੇ ਰੋਸ ਮਾਰਚ ਅਤੇ ਧਰਨਾ ਦਿੱਤਾ ਜਾਵੇਗਾ।
ਧੀਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸੀਨੀਅਰ ਆਗੂ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਸੀਬੀਆਈ ਵੱਲੋਂ ਕੀਤੀ ਗਈ ਰੇਡ ਦੇ ਵਿਰੋਧ ਵਿੱਚ ਜੋ ਆਪ ਵਰਕਰਾਂ ਅਤੇ ਆਗੂਆਂ ਨੇ ਭਾਜਪਾ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਆੜ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਲੋਕਤੰਤਰ'ਚ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਆਪ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਧਿਕਾਰਾਂ ਦੀ ਰੱਖਿਆ ਨਹੀਂ, ਸਗੋਂ ਆਪਣੇ “ਪਾਪ ਲੁਕਾਉਣ ਦੀ ਕੋਸ਼ਿਸ਼” ਸੀ। ਧੀਮਾਨ ਨੇ ਦੋਸ਼ ਲਾਇਆ ਕਿ ਇਸ ਦੌਰਾਨ ਕੀਤੀ ਗਈ ਗੁੰਡਾਗਰਦੀ ਵਿੱਚ ਭਾਜਪਾ ਦੇ ਕਈ ਵਰਕਰ ਜਖਮੀ ਵੀ ਹੋਏ ਹਨ। ਉਨ੍ਹਾਂ ਸਾਫ ਲਫਜ਼ਾਂ ਵਿਚ ਕਿਹਾ ਕਿ ਇਸ ਗੁੰਡਾਗਰਦੀ ਦਾ ਜਵਾਬ ਪੁਲਿਸ ਕੋਲ ਐਫਆਈਆਰ ਦਰਜ ਕਰਵਾਕੇ ਨਹੀਂ, ਸਗੋ ਪੰਜਾਬ ਦੇ ਲੋਕਾਂ ਨੂੰ ਨਾਲ ਲੈਕੇ ਲੋਕਾਂ ਦੀ ਕਚਹਿਰੀ ਵਿੱਚ ਦਰਜ ਕਰਵਾਉਣਗੇ। ਇਸ ਮੌਕੇ ਅਨਿਲ ਸਰੀਨ ਨੇ ਕਿਹਾ ਕਿ ਜੇਕਰ ਸੀਬੀਆਈ ਵੱਲੋਂ ਸੰਜੀਵ ਅਰੋੜਾ ਦੇ ਘਰ ਤੀਜੀ ਵਾਰ ਰੇਡ ਕੀਤੀ ਹੈ ਤਾਂ ਇਸ ਤੋਂ ਸਾਫ ਜਹਿਰ ਹੁੰਦਾ ਹੈ ਕਿ ਦਾਲ ਵਿੱਚ ਕੁੱਝ ਕਾਲਾ ਹੈ। ਉਨ੍ਹਾਂ ਕਿਹਾ ਕਿ ਆਪ ਅਪਣੇ ਭ੍ਰਿਸ਼ਟ ਮੰਤਰੀਆਂ ਦੇ ਕਾਲੇ ਚਿੱਠੇ ਛਪਾਉਣ ਲਈ ਅਪਣੇ ਵਰਕਰਾਂ ਦਾ ਸਹਾਰਾ ਲੈ, ਦੋਸ਼ ਭਾਜਪਾ ਦੇ ਸਿਰ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਦੇ ਗੂੰਡਿਆਂ ਅਤੇ ਪੁਲਿਸ ਦਾ ਜੋ ਵਿਹਾਰ ਅੱਜ ਦੇਖਣ ਨੂੰ ਮਿਲਿਆ ਉਹ ਸਰਕਾਰ ਦੀ ਸੱਭ ਤੋਂ ਵੱਡੀ ਨਲਾਇਕੀ ਦਾ ਸਬੂਤ ਪੇਸ਼ ਕਰ ਰਿਹਾ ਸੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਮਿੱਤਲ ਨੇ ਕਿਹਾ ਕਿ 'ਆਪ' ਦੇ ਵਰਕਰਾਂ , ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੂਬਾ ਸਰਕਾਰ ਦੀ ਸਹਿ ਤੇ ਲੋਕਤੰਤਰ ਵਿਰੁੱਧ ਆਪ-ਮੁਹਾਰੇ ਕੀਤੇ ਜਾ ਕੰਮਾਂ ਦਾ ਜਵਾਬ ਜਲਦ ਹੀ ਪੰਜਾਬ ਦੇ ਲੋਕ ਦੇਣਗੇ। ਇਸ ਮੌਕੇ ਪ੍ਰਧਾਨ ਰਜਨੀਸ਼ ਧੀਮਾਨ ਦੇ ਨਾਲ ਭਾਜਪਾ ਦੇ ਬੁਲਾਰੇ ਅਨਿਲ ਸਰੀਨ, ਜਤਿੰਦਰ ਮਿੱਤਲ, ਨਰਿੰਦਰ ਸਿੰਘ ਮੱਲ੍ਹੀ, ਸੁਨੀਲ ਮੌਦਗਿੱਲ, ਸੰਜੀਵ ਚੌਧਰੀ, ਨਵਲ ਜੈਨ ਵੀ ਹਾਜ਼ਰ ਸਨ।
---
ਆਪ ਵਲੰਟੀਅਰਾਂ ਨੇ ਭਾਜਪਾ ਦੇ ਝੰਡੇ ਪਾੜਨ ਦੀ ਕੀਤੀ ਕੋਸ਼ਿਸ਼-ਮੌਦਗਿੱਲ
ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਜਦ ਭਾਜਪਾ ਦੇ ਜਿਲ੍ਹਾ ਦਫਤਰ, ਦੁੱਗਰੀ ਰੋਡ ਦੇ ਬਾਹਰ ਜਦ 'ਆਪ' ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਸੀਬੀਆਈ ਦੀ ਰੇਡ ਦੇ ਵਿਰੋਧ ਵਿੱਚ ਰੋਸ਼ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਆਪ ਦੇ ਕੁੱਝ ਵਰਕਰਾਂ ਵੱਲੋਂ ਭਾਜਪਾ ਦਫਤਰ ਵਿਖੇ ਲੱਗੇ ਭਾਜਪਾ ਦੇ ਝੰਡਿਆਂ ਨੂੰ ਉਤਾਰ ਫਾੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਭਾਜਪਾ ਦੇ ਵਰਕਰਾਂ ਵੱਲੋਂ ਵਿਰੁੱਧ ਕੀਤਾ ਗਿਆ ਤੇ ਇਸ ਧੱਕਾ-ਮੁੱਕੀ ਵਿੱਚ ਆਪ ਦੇ ਵਰਕਰਾਂ ਨੇ ਭਾਜਪਾਈਆਂ ਤੇ ਹਮਲਾ ਕਰ ਦਿੱਤਾ ਜਿਸ ਦੋਰਾਨ ਭਾਜਪਾ ਦੇ ਦੋ ਤਿੰਨ ਵਰਕਰਾਂ ਦੇ ਸੱਟਾਂ ਵੀ ਲੱਗੀਆਂ ਜਿਨ੍ਹਾਂ ਵਿੱਚ ਸਿਧਾਰਥ ਮੌਦਗਿੱਲ ਦੇ ਹੱਥ ਤੇ ਗਹਿਰੀ ਚੋਟ ਲੱਗੀ।
---
ਪੰਜਾਬ'ਚ ਬੀਤੇ ਬੰਗਾਲ ਵਾਲੇ ਹਾਲਤ ਨਹੀਂ ਪੈਦਾ ਹੋਣ ਦੇਵਾਂਗੇ-ਮੱਲ੍ਹੀ
ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਸੀਬੀਆਈ ਵੱਲੋਂ ਤੀਜੀ ਵਾਰ ਕੀਤੀ ਗਈ ਰੇਡ ਤੋਂ ਬੁਖਲਾਹਟ ਵਿੱਚ ਆਏ ਆਪ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਭਾਜਪਾ ਦੇ ਜਿਲ੍ਹਾ ਦਫਤਰ ਦੁੱਗਰੀ ਰੋਡ ਦੇ ਬਾਹਰ ਰੋਸ਼ ਪ੍ਰਦਰਸ਼ਨ ਦੀ ਆੜ ਵਿੱਚ ਕੀਤੀ ਗਈ ਗੁੰਡਾਗਰਦੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਨੇ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਜੇਕਰ ਪਿਛਲੇ 4 ਸਾਲ ਦੇ ਕਾਰਜਕਾਲ ਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਦੇ ਲੋਕਾਂ ਦਾ ਪਛਤਾਵਾ ਹੀ ਨਜਰ ਆਵੇਗਾ। ਉਨ੍ਹਾਂ ਕਿਹਾ ਕਿ ਆਪ ਦੇ ਮੰਤਰੀਆਂ, ਸੰਤਰੀਆਂ , ਆਹੂਦੇਦਾਰਾਂ ਵੱਲੋਂ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨਾਲ ਬੀਤ ਚੁੱਕੇ ਬੰਗਾਲ ਦੇ ਹਾਲਤ ਹੁਣ ਪੰਜਾਬ ਵਿੱਚ ਪੈਂਦਾ ਨਹੀਂ ਹੋਣ ਦਿੱਤੇ ਜਾਣਗੇ।