ਸ਼ਹੀਦਾਂ ਦੀ ਯਾਦ ’ਚ ਸ੍ਰੀਨਗਰ ਵਿਖੇ ਸਮਾਗਮ ਕਰਵਾਉਣ ਦਾ ਐਲਾਨ
ਅਹਿਮ ਖ਼ਬਰ-ਜੂਨ 84 ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀਨਗਰ ਵਿਖ਼ੇ ਸਮਾਗਮ ਕਰਵਾਉਣ ਦਾ ਐਲਾਨ
Publish Date: Tue, 19 May 2026 07:37 PM (IST)
Updated Date: Wed, 20 May 2026 04:10 AM (IST)
-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੀਟਿੰਗ ਵਿੱਚ ਲਿਆ ਫ਼ੈਸਲਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ 7 ਜੂਨ ਨੂੰ ਗੁਰਦੁਆਰਾ ਸ਼ਹੀਦ ਬੁੰਗਾ ਸ੍ਰੀਨਗਰ (ਕਸ਼ਮੀਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਲੁਧਿਆਣਾ ਵਿਖੇ ਮੀਟਿੰਗ ਦੌਰਾਨ ਕੀਤਾ। ਭਾਈ ਖ਼ਾਲਸਾ ਨੇ ਕਿਹਾ ਕਿ ਜੂਨ 1984 ਦਾ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਹੈ।
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂੰ ਕਰਵਾਉਣਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹਜ਼ਾਰਾਂ ਨਿਹੱਥੇ ਸ਼ਰਧਾਲੂਆਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਆਪਣੇ ਪ੍ਰਾਣ ਵਾਰ ਦਿੱਤੇ। ਉਨ੍ਹਾਂ ਦਾ ਖੂਨ ਅੱਜ ਵੀ ਕੌਮ ਨੂੰ ਜ਼ੁਲਮ ਖਿਲਾਫ਼ ਲੜਨ ਦਾ ਸੁਨੇਹਾ ਦਿੰਦਾ ਹੈ। ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ ਨੇ ਕਿਹਾ ਕਿਹਾ ਕਿ ਸ੍ਰੀਨਗਰ ਦੀ ਧਰਤੀ ਦੀ ਚੋਣ ਇਸ ਲਈ ਕੀਤੀ ਗਈ, ਕਿਉਂਕਿ ਕਸ਼ਮੀਰ ਵੀ ਦਹਾਕਿਆਂ ਤੋਂ ਜ਼ਬਰ ਦਾ ਸ਼ਿਕਾਰ ਰਿਹਾ ਹੈ। ਇੱਥੋਂ ਦੀ ਸਿੱਖ ਸੰਗਤ ਨੇ 1984 ਦੇ ਜ਼ਖਮਾਂ ਨੂੰ ਆਪਣੇ ਪਿੰਡੇ ਹੰਢਾਇਆ ਹੈ। ਸਮਾਗਮ ਦੌਰਾਨ ਕੀਰਤਨ, ਗੁਰਮਿਤ ਵਿਚਾਰਾਂ, ਅਰਦਾਸ ਅਤੇ ਸਮਾਪਤੀ ਉਪਰੰਤ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਵਿਦਵਾਨ ਬੁਲਾਰੇ ਸਾਕਾ ਨੀਲਾ ਤਾਰਾ ਦੇ ਕਾਰਨਾਂ ਅਤੇ ਦਿੱਲੀ ਦਰਬਾਰ ਦੀ ਸਿੱਖ-ਮਾਰੂ ਨੀਤੀ ਨੂੰ ਨੰਗਾ ਕਰਨਗੇ। ਫੈਡਰੇਸ਼ਨ ਆਗੂਆਂ ਨੇ ਕਿਹਾ ਅਸੀਂ ਸਪੱਸ਼ਟ ਕਰਦੇ ਹਾਂ ਕਿ ਜੂਨ 1984 ਦਾ ਇਨਸਾਫ ਲੈ ਕੇ ਰਹਾਂਗੇ। ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਕੌਮ ਦਾ ਰੋਸ ਸ਼ਾਂਤ ਨਹੀਂ ਹੋਵੇਗਾ।
ਮੀਟਿੰਗ ਦੌਰਾਨ ਸਟੇਜ ਦੀ ਸੇਵਾ ਭਾਈ ਜਸਪਾਲ ਸਿੰਘ ਇਸਲਾਮ ਗੰਜ ਨੇ ਨਿਭਾਈ। ਮੀਟਿੰਗ ਵਿਚ ਭਾਈ ਅਮਰੀਕ ਸਿੰਘ ਖਾਲਸਾ, ਭਾਈ ਮਨਦੀਪ ਸਿੰਘ ਮੈਂਬਰ ਪੰਚ ਪ੍ਰਧਾਨੀ, ਭਾਈ ਸੰਦੀਪ ਸਿੰਘ, ਭਾਈ ਅਮਰਜੀਤ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।