ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਇਨਕਲਾਬੀ ਮਾਰਚ ਦਾ ਐਲਾਨ
ਲੋਕ ਮੋਰਚਾ ਤੇ ਇਨਕਲਾਬੀ ਕੇਂਦਰ ਵੱਲੋਂ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਇਨਕਲਾਬੀ ਮਾਰਚ ਕੱਢਣ ਦਾ ਐਲਾਨ
Publish Date: Sun, 10 May 2026 06:30 PM (IST)
Updated Date: Mon, 11 May 2026 04:06 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸ਼ਹੀਦ ਸੁਖਦੇਵ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਜਨਮ ਸਥਾਨ ਮਹੱਲਾ ਨੌਂ ਘਰਾ ਵਿਖੇ ਮਨਾਇਆ ਜਾਵੇਗਾ। ਉਪਰੋਕਤ ਜੱਥੇਬੰਦੀਆਂ ਦੇ ਆਗੂਆਂ ਕਸਤੂਰੀ ਲਾਲ ਅਤੇ ਜਸਵੰਤ ਜ਼ੀਰਖ ਨੇ ਦੱਸਿਆ ਕਿ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਮੀਟਿੰਗ ਵਿੱਚ ਇਸ ਦੀ ਤਿਆਰੀ ਸਬੰਧੀ ਰੂਪ ਰੇਖਾ ਤਹਿ ਕੀਤੀ ਗਈ, ਜਿਸ ਵਿੱਚ ਕਾਮਰੇਡ ਸੁਰਿੰਦਰ ਸਿੰਘ, ਸਤੀਸ਼ ਸਚਦੇਵਾ ਅਤੇ ਹਿੰਮਤ ਸਿੰਘ ਸ਼ਾਮਲ ਸਨ।
ਇਸ ਮੌਕੇ ਤਹਿ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਮਈ ਨੂੰ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਸ਼ਹੀਦ ਹੋਣ ਵਾਲੇ ਸਾਥੀ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਮਹੱਲਾ ਨੌ ਘਰਾ (ਲਧਿਆਣਾ) ਤੱਕ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਇਨਕਲਾਬੀ ਜੋਸ਼ ਖਰੋਸ਼ ਨਾਲ ਪੈਦਲ ਮਾਰਚ ਕੀਤਾ ਜਾਵੇਗਾ, ਜੋ ਸ਼ਾਮ 4 ਵਜੇ ਨਗਰ ਨਿਗਮ ਕਾਰ ਪਾਰਕਿੰਗ ਤੋਂ ਰਵਾਨਾ ਹੋਵੇਗਾ। ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦੇ ਨਾਹਰਿਆਂ ਰਾਹੀਂ ਹੱਥਾਂ ਵਿੱਚ ਝੰਡੇ, ਮਾਟੋ ਲੈ ਕੇ ਚੌੜੇ ਬਜ਼ਾਰ ਰਾਹੀਂ ਹੁੰਦਾ ਹੋਇਆ ਇਹ ਮਾਰਚ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਤੱਕ ਜਾਵੇਗਾ। ਉੱਥੇ ਵੱਖ ਵੱਖ ਆਗੂਆਂ ਵੱਲੋਂ ਸ਼ਹੀਦਾਂ ਦੀ ਕੁਰਬਾਨੀ ਅਤੇ ਉਹਨਾਂ ਵੱਲੋਂ ਚਿਤਵੇ ਸਮਾਜ ਦੀ ਸਿਰਜਣਾ ਦੇ ਪ੍ਰਣ ਨੂੰ ਦੁਹਰਾਇਆ ਜਾਵੇਗਾ। ਇੱਥੇ ਰੰਗ ਮੰਚ ਰੰਗ ਨਗਰੀ ਨਾਟਕ ਟੀਮ ਵੱਲੋਂ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦਰਸਾਉਂਦਾ ਨਾਟਕ ਤਰਲੋਚਨ ਸਿੰਘ ਪਨੇਸਰ ਦੀ ਨਿਰਦੇਸ਼ਨਾ ਵਿੱਚ ਖੇਡਿਆ ਜਾਵੇਗਾ। ਆਗੂਆਂ ਨੇ ਸ਼ਹੀਦਾਂ ਦੇ ਵਿਚਾਰਾਂ ਨੂੰ ਪ੍ਰਣਾਈਆਂ ਜੱਥੇਬੰਦੀਆਂ ਅਤੇ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।