ਵਿਆਹ ਦੀਆਂ ਤਿਆਰੀਆਂ ਵਿਚਕਾਰ ਚੋਰਾਂ ਦਾ ਵੱਡਾ ਕਾਰਾ

ਸੀਸੀਟੀਵੀ ’ਚ ਕੈਦ ਹੋਈਆਂ ਦੋ ਸ਼ਾਤਿਰ ਚੋਰਾਂ ਦੀਆਂ ਤਸਵੀਰਾਂ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਰਾਤ ਦੇ ਹਨ੍ਹੇਰੇ ਵਿੱਚ ਆਸਾਨੀ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਕਰਨੈਲ ਸਿੰਘ ਨਗਰ ਫੇਜ਼-3 ਤੋਂ ਸਾਹਮਣੇ ਆਇਆ ਹੈ, ਜਿੱਥੇ ਵੀਰਵਾਰ ਸਵੇਰੇ ਤੜਕੇ ਇੱਕ ਘਰ ਵਿੱਚ ਦਾਖਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਵਾਰਦਾਤ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪੀੜਤ ਪਰਿਵਾਰ ਦੇ ਮੁਖੀ ਰਾਜਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਸਵੇਰੇ ਕਰੀਬ 4:20 ਵਜੇ ਵਾਪਰੀ। ਉਸ ਸਮੇਂ ਘਰ ਦੇ ਜ਼ਿਆਦਾਤਰ ਮੈਂਬਰ ਹੇਠਲੀ ਮੰਜ਼ਿਲ ‘ਤੇ ਸੁੱਤੇ ਹੋਏ ਸਨ, ਜਦਕਿ ਉਹ ਖੁਦ ਆਪਣੀ ਪਤਨੀ ਅਤੇ ਪੁੱਤਰ ਨਾਲ ਉੱਪਰਲੀ ਮੰਜ਼ਿਲ ‘ਤੇ ਸੌ ਰਹੇ ਸਨ। ਇਸ ਦੌਰਾਨ ਦੋ ਸ਼ਾਤਿਰ ਚੋਰ ਘਰ ਵਿੱਚ ਦਾਖਲ ਹੋਏ ਅਤੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ।
ਇਸ ਪੂਰੀ ਘਟਨਾ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਇਸ ਵਾਰਦਾਤ ਵਿੱਚ ਸ਼ਾਮਿਲ ਸਨ। ਇੱਕ ਮੁਲਜ਼ਮ ਘਰ ਦੇ ਅੰਦਰ ਦਾਖਲ ਹੋ ਕੇ ਅਲਮਾਰੀਆਂ ਅਤੇ ਦਰਾਜ਼ਾਂ ਦੀ ਤਲਾਸ਼ੀ ਲੈਂਦਾ ਰਿਹਾ, ਜਦਕਿ ਦੂਜਾ ਬਾਹਰ ਗਲੀ ਵਿੱਚ ਖੜ੍ਹਾ ਹੋ ਕੇ ਨਿਗਰਾਨੀ ਕਰਦਾ ਰਿਹਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਪੁੱਤਰ ਦਾ ਹਾਲ ਹੀ ਵਿੱਚ ਰਿਸ਼ਤਾ ਤੈਅ ਹੋਇਆ ਸੀ ਅਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਲਈ ਖਰੀਦੇ ਗਏ ਸੋਨੇ ਦੇ ਗਹਿਣੇ ਅਤੇ ਘਰ ਦੀ ਨਕਦੀ ਇਕੱਠੀ ਕਰਕੇ ਰੱਖੀ ਹੋਈ ਸੀ। ਚੋਰ ਕਰੀਬ 250 ਗ੍ਰਾਮ ਸੋਨੇ ਦੇ ਗਹਿਣੇ ਅਤੇ ਲਗਭਗ 4 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦੇ ਮੁਤਾਬਕ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 30 ਲੱਖ ਰੁਪਏ ਬਣਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਦੁਗਰੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਖਦੇਵ ਰਾਜ ਨੇ ਦੱਸਿਆ ਕਿ ਇਲਾਕੇ ਦੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
---
ਟੈਂਟ ਲਾਉਣ ਵਾਲੇ ਦੱਸ ਕੇ ਕੀਤਾ ਗਾਰਡ ਨੂੰ ਗੁੰਮਰਾਹ
ਪਰਿਵਾਰ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਪਹਿਲਾਂ ਵੀ ਚੋਰੀਆਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਕਾਰਨ ਸੁਰੱਖਿਆ ਲਈ ਇੱਕ ਪ੍ਰਾਈਵੇਟ ਗਾਰਡ ਵੀ ਰੱਖਿਆ ਗਿਆ ਸੀ। ਪਰ ਚੋਰਾਂ ਨੇ ਚਾਲਾਕੀ ਨਾਲ ਗਾਰਡ ਨੂੰ ਗੁੰਮਰਾਹ ਕਰ ਦਿੱਤਾ। ਦੋਸ਼ ਹੈ ਕਿ ਮੁਲਜ਼ਮਾਂ ਨੇ ਆਪਣੇ ਆਪ ਨੂੰ ਇਲਾਕੇ ਵਿੱਚ ਕਿਸੇ ਵਿਆਹ ਸਮਾਗਮ ਲਈ ਟੈਂਟ ਲਗਾਉਣ ਆਏ ਲੋਕ ਦੱਸਿਆ, ਜਿਸ ਕਾਰਨ ਗਾਰਡ ਨੂੰ ਉਨ੍ਹਾਂ ‘ਤੇ ਸ਼ੱਕ ਨਹੀਂ ਹੋਇਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰ ਨੇੜਲੇ ਘਰ ਦੀ ਛੱਤ ਰਾਹੀਂ ਅੰਦਰ ਦਾਖਲ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਪਈਆਂ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਤਲਾਸ਼ੀ ਲੈ ਕੇ ਕੀਮਤੀ ਗਹਿਣੇ ਅਤੇ ਨਕਦੀ ਚੋਰੀ ਕਰ ਲਈ।