ਪਟਾਕਿਆਂ ਦਾ ਗੁਦਾਮ ਬਣ ਰਿਹਾ ਖਤਰੇ ਦੀ ਘੰਟੀ
ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਚੱਲ ਰਹੇ ਪਟਾਕਿਆਂ ਦਾ ਗੁਦਾਮ ਬਣ ਰਹੇ ਖਤਰੇ ਘੰਟੀ
Publish Date: Mon, 06 Oct 2025 09:51 PM (IST)
Updated Date: Tue, 07 Oct 2025 04:11 AM (IST)

ਕਿਰਨਵੀਰ ਮਾਂਗਟ, ਪੰਜਾਬੀ ਜਾਗਰਣ ਕੁਹਾੜਾ ਕੁਹਾੜਾ ਤੋਂ ਮਾਛੀਵਾੜਾ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਇੱਕ ਵੱਡਾ ਪਟਾਕਿਆਂ ਦਾ ਹੋਲਸੇਲ ਗੁਦਾਮ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਗੁਦਾਮ ਦੇ ਮਾਲਕ ਵੱਲੋਂ ਨਿਯਮਾਂ ਦੀ ਸਿੱਧੀ ਉਲੰਘਣਾ ਕਰਦਿਆਂ ਗੁਦਾਮ ਦੇ ਅੰਦਰ ਹੀ ਗੈਸ ਸਿਲੰਡਰਾਂ ’ਤੇ ਖਾਣਾ ਪਕਾਇਆ ਜਾ ਰਿਹਾ ਹੈ, ਜਦਕਿ ਆਲੇ-ਦੁਆਲੇ ਵੱਡੀ ਮਾਤਰਾ ’ਚ ਪਟਾਕੇ ਰੱਖੇ ਹੋਏ ਹਨ। ਇਹ ਗੁਦਾਮ ਲੁਧਿਆਣਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਲਈ ਮੁੱਖ ਸਪਲਾਈ ਦਾ ਸੈਂਟਰ ਹੈ, ਜਿੱਥੋਂ ਹਰ ਰੋਜ਼ ਵੱਡੀ ਮਾਤਰਾ ’ਚ ਪਟਾਕੇ ਵਪਾਰੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ ਪਰ ਇੱਥੇ ਦੇ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਹੈਰਾਨ ਕਰਨ ਵਾਲੀ ਤੇ ਚਿੰਤਾਜਨਕ ਹੈ। ਗੁਦਾਮ ਦੇ ਅੰਦਰ ਹੀ ਨੋ ਸਮੋਕਿੰਗ ਦੇ ਪੋਸਟਰਾਂ ਹੇਠਾਂ ਗੈਸ ਚੁੱਲ੍ਹਾ ਚੱਲ ਰਿਹਾ ਹੈ, ਜਦਕਿ ਗੁਦਾਮ ਦੇ ਮਾਲਕ ਵੱਲੋਂ ਖੁੱਲ੍ਹੇ ’ਚ ਵੀ ਧੜੱਲੇ ਨਾਲ ਪਟਾਕਿਆਂ ਦੇ ਢੇਰਾਂ ਕਿਸੇ ਵੀ ਅਣਗਿਹਲੀ ਦੇ ਚੱਲਦੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਗੈਸ ਸਿਲੰਡਰ, ਅੱਗ ਦੀਆਂ ਚਿੰਗਾਰੀਆਂ ਤੇ ਜਲਣਸ਼ੀਲ ਸਾਮਾਨ ਦਾ ਇਕੱਠਾ ਹੋਣਾ ਇੱਥੇ ਜਾਨਲੇਵਾ ਹਾਲਾਤਾਂ ਨੂੰ ਜਨਮ ਦੇ ਰਿਹਾ ਹੈ। ਇਸ ਤੋਂ ਵੀ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਅੱਗ ਬੁਝਾਉਣ ਲਈ ਬਾਲਟੀਆਂ ਦੀ ਥਾਂ ਕੂੜੇਦਾਨ ਵਰਤੇ ਜਾ ਰਹੇ ਸਨ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਗੁਦਾਮ ਮਾਲਕਾਂ ਲਈ ਸੁਰੱਖਿਆ ਨੂੰ ਟਿੱਚ ਸਮਝਦੇ ਹਨ। ਆਸ-ਪਾਸ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਗੁਦਾਮ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਨੇੜਲੇ ਇਲਾਕਿਆਂ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਮਾਮਲੇ ’ਚ ਐੱਸਐੱਫਓ ਅਸ਼ੀਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਨੇੜੇ ਅੱਗ ਲਾਉਣ ਵਾਲਾ ਕੋਈ ਵੀ ਜੰਤਰ ਰੱਖਣਾ ਨਿਯਮਾਂ ਉਲੰਘਣਾ ਹੈ, ਜੇ ਇਸ ਤਰ੍ਹਾਂ ਦਾ ਮਾਮਲਾ ਮਿਲਿਆ ਹੈ ਤਾਂ ਵਿਭਾਗ ਵੱਲੋਂ ਤੁਰੰਤ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।