ਅਕਾਲੀ ਦਲ ਨੇ 7 ਨੰਬਰ ਵਾਰਡ ਤੋਂ ਉਮੀਦਵਾਰ ਐਲਾਨਿਆ
ਅਕਾਲੀ ਦਲ ਨੇ 7 ਨੰਬਰ ਵਾਰਡ ਤੋਂ ਉਮੀਦਵਾਰ ਐਲਾਨਿਆ
Publish Date: Mon, 04 May 2026 08:27 PM (IST)
Updated Date: Tue, 05 May 2026 04:15 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਦੇ ਵਾਰਡ ਨੰਬਰ 7 ਵਿੱਚ ਨਗਰ ਕੌਂਸਲ ਚੋਣ ਲਈ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ। ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਐੱਸਆਰ ਕਲੇਰ ਦੀ ਅਗਵਾਈ ਹੇਠ ਯੂਥ ਆਗੂ ਕਮਲਦੀਪ ਸਿੰਘ ਦੀ ਧਰਮ-ਪਤਨੀ ਹਰਪ੍ਰੀਤ ਕੌਰ ਨੂੰ ਅਧਿਕਾਰਕ ਤੌਰ ’ਤੇ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਉਮੀਦਵਾਰ ਦੇ ਐਲਾਨ ਲਈ ਰੱਖੇ ਗਏ ਵਿਸ਼ਾਲ ਸਮਾਗਮ ਨੇ ਪੂਰੇ ਇਲਾਕੇ ਨੂੰ ਚੋਣੀ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੌਰਾਨ ਮੁਹੱਲਾ ਵਾਸੀਆਂ, ਪਾਰਟੀ ਵਰਕਰਾਂ, ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਨੇ ਇਹ ਦਰਸਾਇਆ ਕਿ ਅਕਾਲੀ ਦਲ ਨੂੰ ਇਸ ਵਾਰਡ ਵਿੱਚ ਮਜ਼ਬੂਤ ਜਨ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਹਰਪ੍ਰੀਤ ਕੌਰ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਹ ਵਾਰਡ ਨੰਬਰ 7 ਦੇ ਹਰ ਘਰ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਨਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਸੜਕਾਂ ਦੀ ਮੁਰੰਮਤ, ਸਫ਼ਾਈ ਪ੍ਰਬੰਧਾਂ ਵਿੱਚ ਸੁਧਾਰ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਸੀਵਰੇਜ ਪ੍ਰਣਾਲੀ ਦੀ ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਵਾਅਦੇ ਨਹੀਂ ਕਰਦੇ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰ ਕੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨਗੇ। ਇਸ ਦੌਰਾਨ ਐੱਸਆਰ ਕਲੇਰ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਸੇਵਾ ਲਈ ਵਚਨਬੱਧ ਰਿਹਾ ਹੈ ਅਤੇ ਇਸ ਵਾਰ ਵੀ ਪਾਰਟੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ 7 ਵਿੱਚ ਅਕਾਲੀ ਦਲ ਦੀ ਜਿੱਤ ਪੱਕੀ ਹੈ ਅਤੇ ਇਹ ਜਿੱਤ ਵੱਡੇ ਅੰਤਰ ਨਾਲ ਹੋਵੇਗੀ। ਪਾਰਟੀ ਵਰਕਰਾਂ ਵੱਲੋਂ ਤੁਰੰਤ ਪ੍ਰਭਾਵ ਨਾਲ ਘਰ-ਘਰ ਜਾ ਕੇ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਭਿੰਦਰ ਸਿੰਘ, ਬਿੱਕਰ ਸਿੰਘ, ਗੁਰਮੀਤ ਸਿੰਘ, ਡਾ. ਸਰਬਨ ਸਿੰਘ ਹੰਸ, ਗੇਜ, ਦਰਸ਼ਨ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ, ਡਾ. ਰਾਏ ਸ਼ਿੰਦਰ ਸਿੰਘ, ਵੀਰਪਾਲ ਕੌਰ, ਸਿਮਰਜੀਤ ਕੌਰ, ਜਸਮੀਤ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ, ਕਿਰਨਦੀਪ ਕੌਰ, ਤੇਜ ਕੌਰ, ਸੁਖਪ੍ਰੀਤ ਕੌਰ, ਸਰਨਪ੍ਰੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਮਸਕਾਨ ਕੌਰ ਆਦਿ ਹਾਜ਼ਰ ਸਨ।