ਸਿਹਤ ਸੇਵਾਵਾਂ ਦੇ ਵਿਕਾਸ ਲਈ ਡੀਐਮਸੀ ਨਾਲ ਸਮਝੌਤਾ
ਸਿਹਤ ਸੇਵਾਵਾਂ ਦੇ ਵਿਕਾਸ ਲਈ ਡੀਐਮਸੀ ਨਾਲ ਸਮਝੌਤਾ
Publish Date: Thu, 21 May 2026 06:32 PM (IST)
Updated Date: Fri, 22 May 2026 04:13 AM (IST)

-ਪੀਏਯੂ ਅਤੇ ਡੀਐਮਸੀ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਮਿਲੇਗਾ ਲਾਭ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਉੱਚ ਅਧਿਕਾਰੀਆਂ ਅਤੇ ਡੀਐੱਮਸੀ ਹਸਪਤਾਲ ਦੇ ਮਾਹਿਰਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਪੀਏਯੂ. ਅਤੇ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਇੱਕ ਸਮਝੌਤੇ ਤਹਿਤ ਵਿਦਿਆਰਥੀਆਂ ਦੀਆਂ ਸਿਹਤ ਸੇਵਾਵਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਂਝਦਾਰੀ ਲਈ ਕੀਤਾ ਜਾ ਰਿਹਾ ਇਹ ਸਮਝੌਤਾ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਸੇਵਾਵਾਂ ਅਤੇ ਢਾਂਚੇ ਨੂੰ ਬੇਹੱਦ ਸੁਚਾਰੂ ਅਤੇ ਮਜ਼ਬੂਤ ਬਨਾਉਣ ਵੱਲ ਭਰਪੂਰ ਕਦਮ ਹੈ। ਇਸ ਨਾਲ ਅਚਨਚੇਤ ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਤੌਰ ਤੇ ਮਾਨਸਿਕ ਸਿਹਤ ਲਈ ਸੁਝਾਅ ਦੇ ਮਾਮਲੇ ਵਿੱਚ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਡਾ. ਗੋਸਲ ਨੇ ਕਿਹਾ ਕਿ ਉੱਚ ਸਿੱਖਿਆ ਨਾਲ ਜੁੜੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਮਜ਼ਬੂਤ ਹੋਣਾ ਬੜਾ ਲਾਜ਼ਮੀ ਹੈ ਅਤੇ ਡੀਐੱਮਸੀ ਨੇ ਇਸ ਦਿਸ਼ਾ ਵਿੱਚ ਪੀਏਯੂ. ਦਾ ਸਹਿਯੋਗ ਕਰਨ ਦਾ ਸ਼ੁੱਭ ਕਾਰਜ ਕੀਤਾ ਹੈ। ਉਨਾਂ ਆਸ ਪ੍ਰਗਟਾਈ ਕਿ ਵਿਦਿਆਰਥੀਆਂ ਲਈ ਸਲਾਹਕਾਰ ਪ੍ਰਬੰਧ ਨੂੰ ਹੋਰ ਉਸਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਰਿਸ਼ੀਪਾਲ ਸਿੰਘ ਨੇ ਆਸ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਪੀਏਯੂ. ਦੇ ਵਿਦਿਆਰਥੀਆਂ ਦਾ ਸਿਹਤ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋ ਸਕੇਗਾ। ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਡੀਐੱਮਸੀ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਪੀਏਯੂ. ਦੇ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨਾਂ ਕਿਹਾ ਕਿ ਸੁਚੱਜੀ ਮਾਨਸਿਕ ਅਤੇ ਸਰੀਰਕ ਸਿਹਤ ਮੁਹੱਈਆ ਕਰਵਾ ਕੇ ਭਵਿੱਖ ਦੇ ਉੱਘੇ ਵਿਗਿਆਨੀ ਪੈਦਾ ਕੀਤੇ ਜਾ ਸਕਦੇ ਹਨ ਅਤੇ ਇਸ ਕਾਰਜ ਲਈ ਡੀਐੱਮਸੀ ਤਿਆਰ-ਬਰ-ਤਿਆਰ ਰਹੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਸਮਝੌਤੇ ਨੂੰ ਲਾਹੇਵੰਦ ਦੱਸਦਿਆਂ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨਾਂ ਕਿਹਾ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਉਸਾਰੂ ਮਾਹੌਲ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ। ਸਿਹਤ ਕੇਂਦਰ ਪੀਏਯੂ ਦੇ ਮੁੱਖ ਅਧਿਕਾਰੀ ਡਾ. ਕਮਲਪ੍ਰੀਤ ਕੌਰ ਨੇ ਇਸ ਸਮਝੌਤੇ ਨੂੰ ਲਾਹੇਵੰਦ ਕਿਹਾ। ਪੀਏਯੂ. ਵਿੱਚ ਮਾਨਸਿਕ ਸਿਹਤ ਬਾਰੇ ਨੋਡਲ ਅਧਿਕਾਰੀ ਡਾ. ਦੀਪਿਕਾ ਵਿੱਗ ਨੇ ਵੀ ਇਹ ਸਮਝੌਤਾ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ। ਇਸ ਮੌਕੇ ਯੂਰੋਲੋਜੀ ਵਿਭਾਗ ਦੇ ਮੁਖੀ ਡਾ. ਸਤੀਸ਼ ਸ਼ਰਮਾ, ਡਾ. ਨਵਕਿਰਨ ਮਹਾਜਨ, ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਬੀਪੀ ਮਿਸ਼ਰਾ, ਡਾ. ਪੰਕਜ ਕੁਮਾਰ ਅਤੇ ਹੋਰ ਨੁਮਾਇੰਦਿਆਂ ਤੋਂ ਇਲਾਵਾ ਪੀਏਯੂ. ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਮੌਜੂਦ ਸਨ।