Crime News : ਮਾਮੂਲੀ ਬਹਿਸ ਮਗਰੋਂ ਵਿਅਕਤੀ ਨੂੰ ਭਜਾ-ਭਜਾ ਕੇ ਕੁੱਟਿਆ, ਘਰ ਪਹੁੰਚਦਿਆਂ ਹੀ ਤੋੜਿਆ ਦਮ
ਮਹਾਨਗਰ ਲੁਧਿਆਣਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਲਾਕੇ ’ਚ ਬੁੱਧਵਾਰ ਸਵੇਰੇ ਇਕ ਮਾਮੂਲੀ ਬਹਿਸ ਦੌਰਾਨ ਹੋਇਆ ਝਗੜਾ ਉਸ ਵੇਲੇ ਦਰਦਨਾਕ ਘਟਨਾ ’ਚ ਤਬਦੀਲ ਹੋ ਗਿਆ, ਜਦੋਂ ਵਿਚਕਾਰ ਬਚਾਅ ਕਰਨ ਲਈ ਅੱਗੇ ਆਏ ਇਕ ਵਿਅਕਤੀ ‘ਤੇ ਹਮਲਾ ਕਰ ਦਿੱਤਾ ਗਿਆ। ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ।ਮ੍ਰਿਤਕ ਦੀ ਪਛਾਣ 51 ਸਾਲਾਂ ਬ੍ਰਿਜ ਮੰਗਲ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰਬਰ-5 ਦਾ ਵਾਸੀ ਸੀ।
Publish Date: Thu, 28 May 2026 11:26 AM (IST)
Updated Date: Thu, 28 May 2026 11:27 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਲਾਕੇ ’ਚ ਬੁੱਧਵਾਰ ਸਵੇਰੇ ਇਕ ਮਾਮੂਲੀ ਬਹਿਸ ਦੌਰਾਨ ਹੋਇਆ ਝਗੜਾ ਉਸ ਵੇਲੇ ਦਰਦਨਾਕ ਘਟਨਾ ’ਚ ਤਬਦੀਲ ਹੋ ਗਿਆ, ਜਦੋਂ ਵਿਚਕਾਰ ਬਚਾਅ ਕਰਨ ਲਈ ਅੱਗੇ ਆਏ ਇਕ ਵਿਅਕਤੀ ‘ਤੇ ਹਮਲਾ ਕਰ ਦਿੱਤਾ ਗਿਆ। ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ।ਮ੍ਰਿਤਕ ਦੀ ਪਛਾਣ 51 ਸਾਲਾਂ ਬ੍ਰਿਜ ਮੰਗਲ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰਬਰ-5 ਦਾ ਵਾਸੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਬ੍ਰਿਜ ਮੰਗਲ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਪੁਰਾਣਾ ਤੇਲ ਇਕੱਠਾ ਕਰਨ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਬੁੱਧਵਾਰ ਸਵੇਰੇ ਵੀ ਨੇੜਲੇ ਪਾਰਕ ’ਚ ਸੈਰ ਕਰਨ ਲਈ ਗਿਆ ਹੋਇਆ ਸੀ।
ਮ੍ਰਿਤਕ ਦੇ ਭਰਾ ਰਾਜ ਮੰਗਲ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਬਾਅਦ ਉਸ ਦਾ ਭਰਾ ਘਬਰਾਈ ਹੋਈ ਹਾਲਤ ’ਚ ਦੌੜਦਾ ਹੋਇਆ ਘਰ ਪਹੁੰਚਿਆ। ਜਿਵੇਂ ਹੀ ਉਹ ਘਰ ਦੇ ਬੂਹੇ ਤੱਕ ਪਹੁੰਚਿਆ ਤਾਂ ਅਚਾਨਕ ਹੇਠਾਂ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸੰਭਾਲਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਕੁਝ ਸਮੇਂ ਬਾਅਦ ਇਲਾਕੇ ਦੇ ਲੋਕਾਂ ਤੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਪਾਰਕ ’ਚ ਕੁਝ ਲੋਕਾਂ ਵਿਚਾਲੇ ਤਕਰਾਰ ਹੋ ਰਹੀ ਸੀ। ਇਸ ਦੌਰਾਨ ਬ੍ਰਿਜ ਮੰਗਲ ਸਿੰਘ ਨੇ ਝਗੜਾ ਸ਼ਾਂਤ ਕਰਵਾਉਣ ਲਈ ਮਾਮਲੇ ’ਚ ਦਖ਼ਲ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਕਮਲ ਤੇ ਉਸ ਦੇ ਇੱਕ ਸਾਥੀ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਦੌੜਾ-ਦੌੜਾ ਕੇ ਕੁੱਟਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਬਾਅਦ ’ਚ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਦੇ ਥਾਣਾ-6 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਮੁਲਜ਼ਮ ਕਮਲ ਅਤੇ ਉਸ ਦੇ ਸਾਥੀ ਖ਼ਿਲਾਫ਼ ਗੈਰ ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।