ਸਤਲੁਜ ਦਰਿਆ ’ਚ ਵੱਧ ਰਹੇ ਪਾਣੀ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਚੌਕਸ
ਸਤਲੁਜ ਦਰਿਆ ’ਚ ਵੱਧ ਰਹੇ ਪਾਣੀ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਸਤਰਕ
Publish Date: Mon, 01 Sep 2025 06:27 PM (IST)
Updated Date: Mon, 01 Sep 2025 06:28 PM (IST)

-ਹਾਲ ਦੀ ਘੜੀ ਸਤਲੁਜ ਦਰਿਆ ਬਿਲਕੁਲ ਠੀਕ -ਅਜੇ ਰਾਤੋ ਰਾਤ ਪਾਣੀ ਦਾ ਲੈਵਲ ਵਧੇਗਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ ਰੋਪੜ ਤੋਂ ਛੱਡੇ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਸਤਲੁਜ ਦਰਿਆ ਵਿਚ ਪਹਿਲਾਂ ਹੀ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਹੁਣ ਇਕ ਲੱਖ ਕਿਊਸਿਕ ਪਾਣੀ ਦੇ ਹੋਰ ਸ਼ਾਮਿਲ ਹੋਣ ਦੀ ਸੂਚਨਾ ਦੇ ਨਾਲ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਤਲੁਜ ਦਰਿਆ ਦੇ ਦੌਰੇ ਨੂੰ ਨਿਕਲੇ। ਉਨ੍ਹਾਂ ਇਸ ਦੌਰਾਨ ਖਹਿਰਾ ਬੇਟ, ਤਲਵੰਡੀ ਨੌਆਬਾਦ ਸਮੇਤ ਨਾਲ ਲੱਗਦੇ ਸਤਲੁਜ ਦਰਿਆ ਦੇ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਡਰੇਨਜ਼ ਵਿਭਾਗ ਅਤੇ ਹੋਰਾਂ ਵਿਭਾਗਾਂ ਨੂੰ ਦਰਿਆ ਦੇ ਜਿਨ੍ਹਾਂ ਪੁਆਇੰਟਾਂ ’ਤੇ ਪਾਣੀ ਦੀ ਮਾਰ ਪੈ ਰਹੀ ਹੈ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਹਾਲ ਦੀ ਘੜੀ ਸਤਲੁਜ ਦਰਿਆ ਬਿਲਕੁਲ ਠੀਕ ਹੈ। ਦਰਿਆ ਵਿਚ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜੋ ਵੱਧ ਕੇ ਇਕ ਲੱਖ ਤਕ ਹੋਵੇਗਾ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਦਰਿਆ ’ਤੇ 24 ਘੰਟੇ ਟੀਮਾਂ ਮੌਜੂਦ ਹਨ, ਨਾਲ ਹੀ ਜਿਨ੍ਹਾਂ ਪੁਆਇੰਟਾਂ ’ਤੇ ਪਾਣੀ ਦੀ ਮਾਰ ਪੈ ਰਹੀ ਹੈ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸੇ ਵੀ ਔਖੀ ਘੜੀ ਨਾਲ ਨਜਿੱਠਣ ਲਈ ਵੀ ਨਾਲ ਦੀ ਨਾਲ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਲਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਇਸ ਪੂਰੇ ਕਾਰਜਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ। ਡਰੇਨਜ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨਿਕ ਵਿਭਾਗ ਵੀ 24 ਘੰਟੇ ਸਤਲੁਜ ਦਰਿਆ ’ਤੇ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇੱਕ ਇੱਕ ਪਿੰਡ ਨਾਲ ਪ੍ਰਸ਼ਾਸਨ ਦਾ ਪੂਰਾ ਰਾਬਤਾ ਹੈ। ਪ੍ਰਸ਼ਾਸਨਿਕ ਅਧਿਕਾਰੀ ਕਿਸੇ ਤਰ੍ਹਾਂ ਦੀ ਔਖੀ ਘੜੀ ਵਿਚ ਹਰ ਇੱਕ ਨੂੰ ਸੁਰੱਖਿਅਤ ਕਰਨ ਲਈ ਵੀ ਪੂਰੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਖ਼ਤਰੇ ਵਾਲੀ ਗੱਲ ਨਹੀਂ ਲੱਗ ਰਹੀ ਪਰ ਫਿਰ ਵੀ ਪ੍ਰਸ਼ਾਸਨ ਰੋਕਥਾਮ ਲਈ ਜੀਅ-ਜਾਨ ਨਾਲ ਲੱਗਾ ਹੋਇਆ ਹੈ। --- ਸਾਲ 2023 ’ਚ ਢਾਈ ਲੱਖ ਕਿਊਸਿਕ ਪਾਣੀ ਲੰਘਿਆ ਮਾਈਨਿੰਗ ਵਿਭਾਗ ਦੇ ਐੱਸਡੀਓ ਬਿਨਬੰਤ ਸਿੰਘ ਨੇ ਕਿਹਾ ਕਿ ਰੋਪੜ ਤੋਂ ਅੱਜ ਛੱਡਿਆ ਇਕ ਲੱਖ 10 ਹਜ਼ਾਰ ਕਿਊਸਿਕ ਪਾਣੀ ਦੇਰ ਰਾਤ ਤਕ ਸਤਲੁਜ ਦਰਿਆ ’ਚ ਆਵੇਗਾ, ਜਿਸ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਵਿਚ ਢਾਈ ਲੱਖ ਕਿਊਸਿਕ ਪਾਣੀ ਵੀ ਸਤਲੁਜ ਦਰਿਆ ਵਿਚ ਆ ਗਿਆ ਸੀ। ਜਿਸ ਦੇ ਚੱਲਦਿਆਂ ਕਿਸੇ ਤਰ੍ਹਾਂ ਦੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਜਾਪਦੀ ਪਰ ਫਿਰ ਵੀ ਬਣਦੇ ਪ੍ਰਬੰਧ ਕੀਤੇ ਗਏ ਹਨ। --- ਡੀਸੀ ਨੇ ਨਾਜੁਕ ਥਾਵਾਂ ਦਾ ਲਿਆ ਜਾਇਜ਼ਾ ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਖਹਿਰਾ ਬੇਟ, ਤਲਵੰਡੀ ਨੌਅਬਾਦ ਤੇ ਹੋਰ ਵੱਖ ਵੱਖ ਥਾਵਾਂ ਤੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸੂ ਜੈਨ ਵੱਲੋਂ ਸਤਲੁਜ ਦਰਿਆ ’ਤੇ ਮੌਕੇ ’ਤੇ ਜਾ ਕੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਆਸ ਪਾਸ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਨਾਜ਼ੁਕ ਥਾਵਾਂ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਜਿਨ੍ਹਾਂ ਥਾਵਾਂ ਤੇ ਪਾਣੀ ਦਾ ਤੇਜ਼ ਵਹਾਅ ਹੈ, ਉਸ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਕਿਸੇ ਤਰ੍ਹਾਂ ਦੇ ਖ਼ਤਰੇ ਤੋਂ ਬਚਿਆ ਜਾ ਸਕੇ। ਇਸ ਮੌਕੇ ਉਹਨਾਂ ਨੇ ਭਾਰੀ ਬਾਰਿਸ਼ ਕਾਰਨ ਬੁੱਢੇ ਨਾਲੇ ਵਿੱਚ ਆਏ ਵੱਧ ਪਾਣੀ ਨੂੰ ਲੈਣ ਕੇ ਪਿੰਡ ਬਾਹਨਹਾੜਾ, ਤਲਵਾੜਾ ਤੇ ਤਲਵੰਡੀ ਨੋਆਬਾਦ ਪਿੰਡਾਂ ਵਿੱਚ ਜਾ ਕੇ ਬੁੱਢੇ ਨਾਲੇ ਤੇ ਬਣੇ ਪੁਲ਼ਾ ਦਾ ਜਾਇਜ਼ਾ ਲਿਆ ਤੇ ਸਬੰਧਤ ਵਿਭਾਗ ਨੂੰ ਪੁਲ਼ਾਂ ਵਿੱਚ ਫਸੀ ਜੜੀ ਬੂਟੀ ਨੂੰ ਤਰੁੰਤ ਕੱਢਣ ਦੀ ਹਦਾਇਤ ਕੀਤੀ ਤਾਂ ਜੋ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕਿਸਾਨਾਂ ਦੇ ਖੇਤਾਂ ਵਿੱਚ ਨਾ ਜਾਵੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁਸ਼ਕਲ ਆਉਣ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ’ਤੇ ਸੰਪਰਕ ਕੀਤਾ ਜਾਵੇ । ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੂਰਪੁਰ ਬੇਟ, ਸਾਬਕਾ ਸਰਪੰਚ ਸੇਵਾ ਸਿੰਘ ਖਹਿਰਾ ਬੇਟ, ਕਰਨੈਲ ਸਿੰਘ ਬੁਰਜ ਲਾਂਬੜਾ, ਸਾਬਕਾ ਸੈਨਿਕ ਬੂਟਾ ਸਿੰਘ ਫਾਗਲਾ, ਕਰਮਵੀਰ ਸਿੰਘ ਗਿੱਲ ਹਾਜ਼ਰ ਸਨ।