ਨਿਯਮ ਤੋੜਨ ਵਾਲਿਆਂ ’ਤੇ ਕਾਰਵਾਈ, ਪਰ ਖ਼ੁਦ ਹੀ ਭੁੱਲੇ ਕਾਨੂੰਨ
ਨਿਯਮ ਤੋੜਨ ਵਾਲਿਆਂ ’ਤੇ ਕਾਰਵਾਈ, ਪਰ ਖੁਦ ਹੀ ਭੁੱਲੇ ਕਾਨੂੰਨ
Publish Date: Tue, 26 May 2026 11:29 PM (IST)
Updated Date: Wed, 27 May 2026 04:14 AM (IST)

ਡੀਸੀ ਦਫ਼ਤਰ ਬਾਹਰ ਟੋਅ ਵੈਨ ਡਰਾਈਵਰ ਬਿਨ੍ਹਾਂ ਸੀਟ ਬੈਲਟ ਆਇਆ ਨਜ਼ਰ --- ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਇੱਕ ਪਾਸੇ ਜਿੱਥੇ ਟਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਨੋ ਪਾਰਕਿੰਗ ਜ਼ੋਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਕੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਵਾਲੇ ਹੀ ਕਈ ਵਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸੋਮਵਾਰ ਦੁਪਹਿਰ ਜ਼ਿਲ੍ਹਾ ਕਮਿਸ਼ਨਰ (ਡੀਸੀ) ਦਫ਼ਤਰ, ਲੁਧਿਆਣਾ ਦੇ ਬਾਹਰ ਦੇਖਣ ਨੂੰ ਮਿਲਿਆ, ਜਿਸ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ। ਡੀਸੀ ਦਫ਼ਤਰ ਦੇ ਬਾਹਰ ਟ੍ਰੈਫਿਕ ਪੁਲਿਸ ਦੀ ਇੱਕ ਟੋਅ ਵੈਨ ਨੋ ਪਾਰਕਿੰਗ ਜ਼ੋਨ ਵਿੱਚ ਖੜ੍ਹੀ ਇੱਕ ਕਾਰ ਨੂੰ ਟੋਅ ਕਰਦੀ ਨਜ਼ਰ ਆਈ। ਆਮ ਤੌਰ ’ਤੇ ਇਹ ਕਾਰਵਾਈ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਈ ਰੱਖਣ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਕੀਤੀ ਜਾਂਦੀ ਹੈ। ਪਰ ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਟੋਅ ਵੈਨ ਚਲਾ ਰਿਹਾ ਡਰਾਈਵਰ ਖੁਦ ਬਿਨਾਂ ਸੀਟ ਬੈਲਟ ਦੇ ਵਾਹਨ ਚਲਾ ਰਿਹਾ ਸੀ। ਇਹ ਦ੍ਰਿਸ਼ ਦੇਖਦੇ ਹੀ ਉੱਥੇ ਖੜ੍ਹੇ ਲੋਕਾਂ ਵਿਚ ਚਰਚਾ ਛਿੜ ਗਈ ਕਿ ਜੇਕਰ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਹੀ ਨਿਯਮਾਂ ਨੂੰ ਅਣਦੇਖਾ ਕਰਨ ਲੱਗ ਜਾਣ ਤਾਂ ਫਿਰ ਆਮ ਲੋਕਾਂ ਤੋਂ ਸਖ਼ਤੀ ਨਾਲ ਨਿਯਮ ਮੰਨਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਲੋਕਾਂ ਦਾ ਕਹਿਣਾ ਸੀ ਕਿ ਆਮ ਵਾਹਨ ਚਾਲਕਾਂ ਨੂੰ ਬਿਨਾਂ ਸੀਟ ਬੈਲਟ, ਬਿਨਾਂ ਹੈਲਮੈਟ ਜਾਂ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਤੁਰੰਤ ਚਲਾਨ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਲੋਕਾਂ ਨੂੰ ਛੋਟੀ ਗ਼ਲਤੀ ’ਤੇ ਵੀ ਭਾਰੀ ਜੁਰਮਾਨੇ ਭਰਨੇ ਪੈਂਦੇ ਹਨ। ਪਰ ਜਦੋਂ ਉਹੀ ਨਿਯਮ ਲਾਗੂ ਕਰਵਾਉਣ ਵਾਲੇ ਅਧਿਕਾਰੀ ਜਾਂ ਕਰਮਚਾਰੀ ਖੁਦ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਤਾਂ ਇਹ ਸਵਾਲ ਖੜ੍ਹਾ ਹੋਣਾ ਸੁਭਾਵਿਕ ਹੈ ਕਿ ਕੀ ਟਰੈਫਿਕ ਨਿਯਮ ਸਿਰਫ਼ ਆਮ ਜਨਤਾ ਲਈ ਹੀ ਹਨ? ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉੱਠਦੇ ਹਨ ਅਤੇ ਲੋਕਾਂ ਵਿਚ ਗਲਤ ਸੰਦੇਸ਼ ਜਾਂਦਾ ਹੈ। ਜੇਕਰ ਟ੍ਰੈਫਿਕ ਕਰਮਚਾਰੀ ਖੁਦ ਹੀ ਸੀਟ ਬੈਲਟ ਵਰਗੇ ਬੁਨਿਆਦੀ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਲੋਕਾਂ ਵਿੱਚ ਜਾਗਰੂਕਤਾ ਕਿਵੇਂ ਵਧੇਗੀ। ਉਨ੍ਹਾਂ ਕਿਹਾ ਕਿ ਨਿਯਮ ਹਰ ਕਿਸੇ ਲਈ ਇਕਸਾਰ ਹੋਣੇ ਚਾਹੀਦੇ ਹਨ, ਭਾਵੇਂ ਉਹ ਆਮ ਨਾਗਰਿਕ ਹੋਵੇ ਜਾਂ ਸਰਕਾਰੀ ਕਰਮਚਾਰੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਵਾਲੇ ਕਰਮਚਾਰੀਆਂ ’ਤੇ ਹੀ ਨਿਯਮ ਤੋੜਨ ਦੇ ਦੋਸ਼ ਲੱਗੇ ਹੋਣ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਪੁਲਿਸ ਜਾਂ ਸਰਕਾਰੀ ਵਾਹਨਾਂ ਦੇ ਚਾਲਕ ਬਿਨਾਂ ਸੀਟ ਬੈਲਟ, ਮੋਬਾਈਲ ਫੋਨ ਦੀ ਵਰਤੋਂ ਕਰਦੇ ਜਾਂ ਗਲਤ ਪਾਰਕਿੰਗ ਕਰਦੇ ਨਜ਼ਰ ਆਏ ਹਨ। ਹਾਲਾਂਕਿ ਅਜਿਹੇ ਮਾਮਲਿਆਂ ਵਿੱਚ ਕਈ ਵਾਰ ਕਾਰਵਾਈ ਦੇ ਦਾਅਵੇ ਵੀ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਅਜਿਹੀਆਂ ਘਟਨਾਵਾਂ ਰੁਕਦੀਆਂ ਨਹੀਂ ਦਿਖ ਰਹੀਆਂ। ਹੁਣ ਇਸ ਮਾਮਲੇ ਨੇ ਇੱਕ ਵਾਰ ਫਿਰ ਟ੍ਰੈਫਿਕ ਪ੍ਰਬੰਧ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਲੋਕਾਂ ਦੀ ਮੰਗ ਹੈ ਕਿ ਜੇਕਰ ਪ੍ਰਸ਼ਾਸਨ ਸੱਚਮੁੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਗੰਭੀਰ ਹੈ ਤਾਂ ਨਿਯਮ ਤੋੜਨ ਵਾਲਿਆਂ ’ਤੇ ਬਿਨਾਂ ਕਿਸੇ ਭੇਦਭਾਵ ਦੇ ਕਾਰਵਾਈ ਹੋਣੀ ਚਾਹੀਦੀ ਹੈ। ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਫਿਰ ਖੁਦ ਸਰਕਾਰੀ ਵਿਭਾਗ ਨਾਲ ਜੁੜਿਆ ਕਰਮਚਾਰੀ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਇਸ ਮਾਮਲੇ ਦਾ ਕੋਈ ਨੋਟਿਸ ਲੈਂਦਾ ਹੈ ਜਾਂ ਫਿਰ ਇਹ ਮਾਮਲਾ ਵੀ ਹੋਰ ਘਟਨਾਵਾਂ ਵਾਂਗ ਚਰਚਾ ਤੱਕ ਹੀ ਸੀਮਿਤ ਰਹਿ ਜਾਂਦਾ ਹੈ।