ਦੁਨਿਆਵੀ ਪਦਾਰਥਾਂ ਦਾ ਮਿਲਣਾ ਅਸਲ ਸੁੱਖ ਨਹੀਂ : ਸੰਤ ਅਮੀਰ ਸਿੰਘ
ਦੁਨਿਆਵੀ ਪਦਾਰਥਾਂ ਦਾ ਮਿਲਣਾ ਅਸਲ ਸੁੱਖ ਨਹੀਂ-ਸੰਤ ਅਮੀਰ ਸਿੰਘ
Publish Date: Sun, 10 May 2026 06:32 PM (IST)
Updated Date: Mon, 11 May 2026 04:06 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਨੂੰ ਗੁਰਬਾਣੀ ਦੇ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜੁੜੀਆਂ ਸੰਗਤਾਂ ਸਨਮੁੱਖ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਮਨੁੱਖ ਆਪਣੀ ਜ਼ਿੰਦਗੀ ਦਾ ਸਫ਼ਰ ਸੁਖਦਾਈ ਤਹਿ ਕਰਨ ਲਈ ਕਈ ਪਦਾਰਥਾਂ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਪਰਮ-ਪਦ ਦੀ ਪ੍ਰਾਪਤੀ ਹੀ ਸਫਲ ਜੀਵਨ ਦੀ ਪ੍ਰਾਪਤੀ ਹੈ। ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਮਰਿਯਾਦਾ ਜਾਂ ਨਿਯਮ ਚ ਰਹਿਣਾ, ਚੰਗੇ ਕਰਮ ਕਰਨੇ, ਉੱਚਾ ਸੁੱਚਾ ਜੀਵਨ ਬਤੀਤ ਕਰਨ ਆਦਿ ਜੀਵਨ ਦੇ ਫਰਜਾਂ ਦਾ ਪਾਲਣ ਕਰਨਾ ਆਦਿ ਨੂੰ ਧਰਮ, ਜੀਵ ਦੇ ਭੌਤਿਕ ਸਾਧਨ ਭਾਵ ਆਰਥਿਕ ਪ੍ਰਾਪਤੀਆਂ ਨੂੰ ਅਰਥ ਅਤੇ ਜਨਮ-ਮਰਨ ਭਾਵ ਆਵਾਗਮਨ ਦੇ ਗੇੜ ਤੋਂ ਮੁਕਤੀ ਸੰਸਾਰਕ ਬੰਧਨਾਂ ਤੋਂ ਖ਼ਲਾਸੀ ਨੂੰ ਮੋਕਸ਼ ਕਿਹਾ ਜਾਂਦਾ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਮਨੁੱਖ ਨੇ ਕੋਈ ਪ੍ਰਾਪਤੀ ਕਰਨੀ ਹੈ ਤਾਂ ਰੱਬੀ ਰੰਗ ਵਿੱਚ ਰੰਗੀਆਂ ਅਭੇਦ ਰੂਹਾਂ ਦੀ ਸੇਵਾ ਜਾਂ ਸੰਗਤ ਵਿੱਚ ਜੁਟ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਨਿਆਵੀ ਪਦਾਰਥਾਂ ਦਾ ਮਿਲਣਾ ਅਸਲ ਸੁੱਖ ਨਹੀਂ, ਅਸਲ ਸੁੱਖ ਤਾਂ ਪ੍ਰਮਾਤਮਾਂ ਨੂੰ ਮਿਲਣਾ ਹੈ। ਜਾਣਕਾਰੀ ਅਨੁਸਾਰ 16 ਮਈ ਵਾਲੇ ਦਿਨ ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸ਼ਬਦਾਂ ਵਿਚਲੇ ਬੇਗਮਪੁਰਾ ਦੇ ਸੰਕਲਪ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਆਪੋ-ਆਪਣੇ ਵਿਚਾਰ ਸਾਂਝੇ ਕਰਨਗੀਆਂ। ਸੰਤ ਬਾਬਾ ਅਮੀਰ ਸਿੰਘ ਵੱਲੋਂ ਕੀਤੀ ਗਈ ਅਰਦਾਸ ਉਪਰੰਤ ਸਮਾਗਮ ਦੀ ਸਮਾਪਤੀ ਹੋਈ।