ਪਰਿਵਾਰ ਤੇ ਜਥੇਬੰਦੀਆਂ ਨਾਲ ਪੁਲਿਸ ਮੀਟਿੰਗ ਤੋਂ ਬਾਅਦ ਰੋਸ ਧਰਨਾ ਮੁਲਤਵੀ
ਮ੍ਰਿਤਕ ਗਗਨਦੀਪ ਦੇ ਪਰਿਵਾਰ ਤੇ ਜਥੇਬੰਦੀਆਂ ਨਾਲ ਪੁਲਿਸ ਮੀਟਿੰਗ ਤੋਂ ਬਾਅਦ ਰੋਸ ਧਰਨਾ ਮੁਲਤਵੀ
Publish Date: Mon, 04 May 2026 09:05 PM (IST)
Updated Date: Tue, 05 May 2026 04:17 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ਼੍ਰੀ ਮਾਛੀਵਾੜਾ ਸਾਹਿਬ : ਨੌਜਵਾਨਾਂ ਦੀ ਖੂਨੀ ਜੰਗ ਵਿਚ ਕਤਲ ਹੋਏ ਮ੍ਰਿਤਕ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਦੇ ਪਰਿਵਾਰ ਅਤੇ ਹੋਰ ਜਥੇਬੰਦੀਆਂ ਵਲੋਂ ਅੱਜ ਮਾਛੀਵਾੜਾ ਸਾਹਿਬ ਪੁਲਸ ਥਾਣਾ ਅੱਗੇ ਰੋਸ ਧਰਨਾ ਦਿੱਤੇ ਜਾਣ ਦੀ ਤਿਆਰੀ ਵਿੱੱਢੀ ਹੋਈ ਸੀ। ਇਸ ਸਬੰਧੀ ਐੱਸਪੀ ਹਰਪਿੰਦਰ ਕੌਰ, ਤਰਲੋਚਨ ਸਿੰਘ, ਪ੍ਰਿਤਪਾਲ ਸਿੰਘ, ਕਰਮਜੀਤ ਸਿੰਘ ਗਰੇਵਾਲ (ਸਾਰੇ ਡੀਐੱਸਪੀ) ਤੇ ਹੋਰ ਪੁਲਸ ਅਧਿਕਾਰੀ ਵੀ ਥਾਣੇ ਵਿਚ ਸਵੇਰੇ ਹੀ ਭਾਰੀ ਫੋਰਸ ਬਲ ਲੈ ਕੇ ਪੁੱਜ ਗਏ। ਪੁਲਸ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਇਹ ਰੋਸ ਧਰਨਾ ਨਾ ਦੇਣ ਲਈ ਸਮਝਾਇਆ ਗਿਆ। ਅਖੀਰ ਵਿਚ ਐੱਸ.ਪੀ. ਹਰਪਿੰਦਰ ਕੌਰ ਨੇ ਮ੍ਰਿਤਕ ਦੇ ਪਰਿਵਾਰ ਤੋਂ ਇਲਾਵਾ ਜੋ ਵੀ ਵੱਖ-ਵੱਖ ਜਥੇਬੰਦੀਆਂ ਪੁੱਜੀਆਂ ਸਨ ਉਨ੍ਹਾਂ ਨਾਲ ਮੀਟਿੰਗ ਕਰ ਭਰੋਸਾ ਦਿੰਦਿਆਂ ਕਿਹਾ ਕਿ ਪੁਲਸ ਨੇ 24 ਘੰਟਿਆਂ ’ਚ 4 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਅਤੇ 2 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ 1-2 ਦਿਨ ਵਿਚ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਪੂਰੀ ਮੁਸ਼ਤੈਦੀ ਨਾਲ ਕੇਸ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ। ਜਥੇਬੰਦੀਆਂ ਨੇ ਕਿਹਾ ਕਿ ਜੇਕਰ 15 ਮਈ ਤੱਕ ਗਗਨਦੀਪ ਸਿੰਘ ਦੇ ਕਾਤਲ ਨਹੀਂ ਫੜ੍ਹੇ ਜਾਂਦੇ ਤਾਂ ਉਹ ਆਪਣਾ ਸੰਘਰਸ਼ ਪ੍ਰੋਗਰਾਮ ਉਲੀਕਣਗੇ, ਇਸ ਤੋਂ ਬਾਅਦ ਐੱਸਪੀ ਨੇ ਵਿਸ਼ਵਾਸ ਦਿਵਾਇਆ ਕਿ 15 ਮਈ ਤੋਂ ਪਹਿਲਾਂ ਸਾਰੇ ਕਾਤਲ ਸਲਾਖ਼ਾਂ ਪਿੱਛੇ ਹੋਣਗੇ। ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਗਗਨਦੀਪ ਸਿੰਘ ਇੱਕ ਸੰਘਰਸ਼ੀ ਨੌਜਵਾਨ ਸੀ ਜੋ ਨਸ਼ਾ ਵੇਚਣ ਵਾਲਿਆਂ ਖਿਲਾਫ਼ ਅਵਾਜ ਬੁਲੰਦ ਕਰਦਾ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਵਿਚ ਜਿੱਥੇ ਵੀ ਨਸ਼ਾ ਵਿਕਦਾ ਹੈ ਉਸ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ਅਤੇ ਨਾਲ ਹੀ ਪ੍ਰਸ਼ਾਸਨ ਵਲੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦਿਵਾਈ ਜਾਵੇ। ਐੱਸਪੀ ਹਰਪਿੰਦਰ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਸ ਵਲੋਂ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਪਰਿਵਾਰ ਵਲੋਂ ਅੱਜ ਮ੍ਰਿਤਕ ਗਗਨਦੀਪ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਪੁਲਸ ਨੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਅੱਜ ਪਿੰਡ ਹੇਡੋਂ ਬੇਟ ਵਿਖੇ ਗਗਨਦੀਪ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।