ਐੱਸਡੀਐੱਮ ਸਮਰਾਲਾ ਵੱਲੋਂ ਆੜ੍ਹਤੀਆਂ ਨਾਲ ਮੀਟਿੰਗ
ਐੱਸ.ਡੀ.ਐੱਮ. ਸਮਰਾਲਾ ਵਲੋਂ ਲਿਫਟਿੰਗ ਸਮੱਸਿਆ ਨੂੰ ਲੈ ਕੇ ਆੜ੍ਹਤੀਆਂ ਨਾਲ ਮੀਟਿੰਗ
Publish Date: Mon, 04 May 2026 08:24 PM (IST)
Updated Date: Tue, 05 May 2026 04:15 AM (IST)

ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਅਨਾਜ ਮੰਡੀ ਵਿਚ ਇਸ ਵਾਰ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਦੇ ਉੱਚ ਅਧਿਕਾਰੀ ਪੂਰੀ ਤਰ੍ਹਾਂ ਫਲਾਪ ਦੇਖਣ ਨੂੰ ਮਿਲ ਰਹੇ ਹਨ। ਸਥਾਨਕ ਅਨਾਜ ਮੰਡੀ ਵਿਚ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਅੰਤ ਤੱਕ ਆੜ੍ਹਤੀ ਤੇ ਕਿਸਾਨ ਸਮੱਸਿਆ ਨਾਲ ਹੀ ਜੂਝਦੇ ਨਜ਼ਰ ਆਏ। ਖਰੀਦ ਪ੍ਰਬੰਧਾਂ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਏ.ਸੀ. ਕਮਰਿਆਂ ’ਚ ਬੈਠੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋਂ ਫਸਲ ਦੇ ਪੂਰੇ ਪ੍ਰਬੰਧ ਕਰਨੇ ਲਾਜ਼ਮੀ ਹੁੰਦੇ ਹਨ ਪਰ ਮਾਛੀਵਾੜਾ ’ਚ ਜੋ ਹਾਲਾਤ ਦੇਖਣ ਨੂੰ ਮਿਲੇ ਉਸ ਵਿਚ ਖਰੀਦ ਏਜੰਸੀ ਪਨਸਪ ਕੋਲ ਨਾ ਸਟੋਰੇਜ ਲਈ ਪ੍ਰਬੰਧ, ਨਾ ਹੀ ਕਰੇਟ ਹਨ ਅਤੇ ਨਾ ਹੀ ਉਸ ਨੂੰ ਢੋਆ-ਢੁਆਈ ਲਈ ਲੋੜੀਂਦੇ ਵਾਹਨ ਮਿਲ ਰਹੇ ਹਨ। ਇਹੀ ਹਾਲ ਮਾਰਕਫੈੱਡ ਏਜੰਸੀ ਦਾ ਹੈ, ਜਿਸ ਨੇ ਬੜੀ ਮੁਸ਼ਕਿਲ ਨਾਲ ਸਟੋਰੇਜ ਦਾ ਪ੍ਰਬੰਧ ਕੀਤਾ ਅਤੇ ਹੁਣ ਖੰਨਾ ਵਿਖੇ ਗੋਦਾਮਾਂ ਵਿਚ ਮਜ਼ਦੂਰਾਂ ਦੀ ਘਾਟ ਉਸਦੇ ਭਰੇ ਟਰੱਕ ਖਾਲੀ ਨਹੀਂ ਹੋ ਰਹੇ। ਲਿਫਟਿੰਗ ਸਮੱਸਿਆ ਨੂੰ ਹੱਲ ਕਰਨ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਖੁਦ ਮੰਡੀ ਵਿਚ ਆਏ, ਐੱਸ.ਡੀ.ਐੱਮ. ਸਮਰਾਲਾ ਵਲੋਂ ਤਿੰਨ ਵਾਰ ਆ ਕੇ ਮੀਟਿੰਗਾਂ ਕੀਤੀਆਂ ਗਈਆਂ ਪਰ ‘ਪ੍ਰਸ਼ਾਸਨ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ’ ਕਿਉਂਕਿ ਖਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਸਾਨੂੰ ਟਰੱਕ ਨਹੀਂ ਮਿਲ ਰਹੇ, ਟਰੱਕ ਵਾਲੇ ਕਹਿੰਦੇ ਕਿ ਅੱਗੇ ਮਜ਼ਦੂਰਾਂ ਦੀ ਘਾਟ ਕਾਰਨ 4-4 ਦਿਨ ਮਾਲ ਖਾਲੀ ਨਹੀਂ ਹੋ ਰਿਹਾ, ਜਿਸ ਕਾਰਨ ਘੁੰਮ ਘੁਮਾ ਕੇ ਮੀਟਿੰਗਾਂ ਵਿਚ ਲਿਫਟਿੰਗ ਨੂੰ ਤੇਜ਼ ਕਰਨ ਦੇ ਦਾਅਵੇ ਕਰ ਆੜ੍ਹਤੀਆਂ ਨੂੰ ਸੰਤੁਸ਼ਟੀ ਦੇ ਦਿੱਤੀ ਜਾਂਦੀ ਹੈ। ਅੰਤ ਇਹ ਫੈਸਲਾ ਹੋਇਆ ਕਿ ਹੋਰ ਕਣਕ ਖਰੀਦਣ ਦੀ ਪ੍ਰਵਾਨਗੀ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖਿਆ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਹਰਵਿੰਦਰ ਸਿੰਘ ਸ਼ੇਰੀਆਂ, ਟਹਿਲ ਸਿੰਘ ਔਜਲਾ, ਪ੍ਰਿੰਸ ਮਿੱਠੇਵਾਲ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਹੈਪੀ ਬਾਂਸਲ, ਸ਼ਸ਼ੀ ਭਾਟੀਆ, ਸਕੱਤਰ ਅਰੁਨਿੰਦਰ ਸਿੰਘ ਮਾਂਗਟ, ਇੰਸਪੈਕਟਰ ਯਾਦਵਿੰਦਰ ਸਿੰਘ, ਹਰਫੂਲ ਸਿੰਘ, ਤਰਸਦੀਪ ਸ਼ਰਮਾ ਵੀ ਮੌਜੂਦ ਸਨ।