ਲੁਧਿਆਣਾ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ

-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਕਰ ਰਹੀ ਮਤਰੇਈ ਵਰਗਾ ਸਲੂਕ : ਖੰਗੂੜਾ
-ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਸੜਕ ’ਤੇ ਆਏ ਆਪ ਆਗੂ ਤੇ ਵਲੰਟੀਅਰ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਪੈਲੇਸ ਵਿਚ ਮਹਾਰਿਸ਼ੀ ਕਸ਼ਪ ਜਨਮ ਉਤਸਵ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਇਸ ਦੌਰਾਨ ਆਪ ਦੇ ਆਗੂਆਂ ਤੇ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਕੇਂਦਰ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਖਿਲਾਫ ਜੋਰਦਾਰ ਨੇਅਰੇਬਾਜੀ ਕੀਤੀ। ਆਪ ਦੇ ਆਗੂ ਅਤੇ ਵਲੰਟੀਅਰ ਐਤਵਾਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਖੰਗੂੜਾ ਦੀ ਅਗਵਾਈ ਵਿੱਚ ਫਿਰੋਜਪੁਰ ਰੋਡ ਤੇ ਇਕੱਠੇ ਹੋਏ ਅਤੇ ਉਨ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਪ੍ਰਤੀ ਮਾਰੂ ਨੀਤੀਆਂ ਅਪਨਾਉਣ ਦੇ ਦੋਸ਼ ਲਗਾਉਦੇ ਹੋਏ ਪ੍ਰਦਰਸ਼ਨ ਕੀਤਾ।
ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਹਰ ਵਾਰ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਬੀਤੇ ਸਮੇਂ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਹੋ ਨੁਕਸਾਨ ਹੋਇਆ ਉਸ ਦਾ ਅਜੇ ਤੱਕ ਇੱਕ ਵੀ ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਮਈ ਨੂੰ ਜਦੋਂ ਦੇਸ਼ ਭਰ ਵਿੱਚ ਮਜਦੂਰ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਭਾਜਪਾ ਸਰਕਾਰ ਨੇ ਗੈਸ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕਰ ਦਿੱਤਾ, ਜਿਸ ਕਾਰਨ ਢਾਬਾ-ਹੋਟਲ ਵਾਲੇ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ। ਜਿਸ ਨਾਲ ਉਨ੍ਹਾਂ ਥਾਵਾਂ ਤੇ ਕੰਮ ਕਰਦੇ ਮਜਦੂਰਾਂ ਤੇ ਬੇਰੁਜਗਾਰੀ ਦੀ ਤਲਵਾਰ ਲਟਕ ਗਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸ ਤਾਂ ਭਾਜਪਾ 2027 ਵਿੱਖ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਦੂਜੇ ਪਾਸੇ ਸੂਬੇ ਨੂੰ ਕੋਈ ਆਰਥਿਕ ਪੈਕੇਜ ਨਾ ਦੇ ਕੇ ਪੰਜਾਬ ਪ੍ਰਤੀ ਆਪਣੀ ਨਫ਼ਰਤ ਸਾਫ਼ ਜ਼ਾਹਰ ਕਰ ਰਹੀ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ ਨੇ ਕਿਹਾ ਕਿ ਪੰਜਾਬ ਨਾਲ ਵਿਤਕਰਾ ਕਰਨ ਵਾਲੀ ਭਾਜਪਾ ਜੋ ਵੱਡਾ ਨੇਤਾ ਲੁਧਿਆਣਾ ਆਵੇਗਾ ਉਸ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤਾ ਦੋਹਰੇ ਚਿਹਰੇ ਨਾਲ ਪੰਜਾਬ ਨੂੰ ਦੇਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਨੇਤਾ ਪੰਜਾਬ ਦੀ ਹੱਦ ਪਾਰ ਕਰ ਜਾਂਦੇ ਹਨ ਤਾਂ ਇਨ੍ਹਾਂ ਪੰਜਾਬੀਆਂ ਨਾਲ ਕੋਈ ਮਤਲਬ ਨਹੀਂ ਰਹਿੰਦਾ, ਪਰ ਜਿਵੇਂ ਹੀ ਪੰਜਾਬ ਵਿੱਚ ਆਉਦੇ ਹਨ ਤਾਂ ਇਹ ਆਪਣੇ ਆਪ ਨੂੰ ਪੰਜਾਬ ਦਾ ਸਭ ਤੋਂ ਵੱਡਾ ਭਗਤ ਦਿਖਾਉਣ ਵਿੱਚ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤਾਂ 2027 ਵਿੱਚ ਇਨ੍ਹਾਂ ਅਸਲੀਅਤ ਵੀ ਦਿਖਾਉਣਗੇ।
ਇਸ ਮੌਕੇ ਆਪ ਦੀ ਜ਼ਿਲ੍ਹਾ ਸਕੱਤਰ ਤੇ ਕੌਂਸਲਰ ਨਿਧੀ ਗੁਪਤਾ, ਮੀਡੀਆ ਇੰਚਾਰਜ ਪੁਨੀਤ ਸਾਹਨੀ, ਕੌਂਸਲਰ ਸਤਨਾਮ ਸਿੰਘ ਸੰਨੀ ਮਾਸਟਰ, ਕੌਂਸਲਰ ਮਨਿੰਦਰ ਘੁੰਮਣ, ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ, ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮਪੀ ਜਵੱਦੀ, ਸੁਖਵਿੰਦਰ ਸਿੰਘ, ਹਨੀ ਬੇਦੀ, ਸੰਦੀਪ ਬੈਂਸ, ਦਵਿੰਦਰ ਸ਼ੇਰਪੁਰੀ, ਪਰਮਵੀਰ ਸਿੰਘ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਜਸਪ੍ਰੀਤ ਕੌਰ, ਚੇਅਰਮੈਨ ਬਲਜਿੰਦਰ ਸਿੰਘ ਬੰਟੀ, ਯੂਥ ਆਗੂ ਪਰਮਿੰਦਰ ਸੰਧੂ, ਚੇਅਰਮੈਨ ਰਾਜੂ ਕੋਨੋਜੀਆ, ਪ੍ਰਦੀਪ ਅੱਪੂ, ਦਸ਼ਮੇਸ਼ ਸਿੰਘ, ਮਨਪ੍ਰੀਤ ਸਿੰਘ, ਦਵਿੰਦਰ ਵਰਮਾ, ਚਰਨਜੀਤ ਸਿੰਘ, ਬਿੱਟੂ ਭੁੱਲਰ, ਰਾਜ ਕੁਮਾਰ ਅਗਰਵਾਲ, ਚਰਨਪ੍ਰੀਤ ਲਾਂਬਾ ਸਮੇਤ ਵੱਡੀ ਗਿਣਤੀ ਵਿੱਚ ਆਪ ਦੇ ਵਲੰਟੀਅਰ ਹਾਜ਼ਰ ਸਨ।
---
ਪੁਲਿਸ ਰਹੀ ਪੂਰੀ ਤਰ੍ਹਾਂ ਮੂਸਤੈਦ
ਉਧਰ ਆਪ ਦੇ ਪ੍ਰਦਰਸ਼ਨ ਦੇਖ ਲੁਧਿਆਣਾ ਪੁਲਿਸ ਵੀ ਪੂਰੀ ਤਰ੍ਹਾਂ ਮੂਸਤੈਦ ਰਹੀ। ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕੰਧ ਦੇ ਬੈਰੀਗੇਟ ਲਗਾ ਦਿੱਤੇ ਅਤੇ ਮੁੱਖ ਮੰਤਰੀ ਕਾਫਲਾ ਆਉਣ ਤੋਂ ਪਹਿਲਾ ਹੀ ਆਪ ਦੇ ਆਗੂਆਂ ਤੇ ਵਲੰਟੀਅਰਾਂ ਨੂੰ ਬੈਰੀਗੇਟਾਂ ਦੇ ਪਿੱਛੇ ਭੇਜ ਦਿੱਤਾ। ਇਸ ਦੌਰਾਨ ਪੁਲਿਸ ਨੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਸੜਕ ਉੱਤੇ ਨਹੀਂ ਆਉਣ ਦਿੱਤਾ ਜਿਸ ਦੇ ਚੱਲਦੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਾਫਲਾ ਬਿਨ੍ਹਾਂ ਕਿਸੇ ਰੁਕਾਵਟ ਆਪਣੀ ਮੰਜਿਲ ਵੱਲ ਵੱਧ ਗਿਆ।