ਪੈਟਰੋਲ-ਡੀਜ਼ਲ ਮਹਿੰਗਾ ਹੋਣ ਖ਼ਿਲਾਫ਼ ‘ਆਪ’ ਉੱਤਰੀ ਸੜਕਾਂ ਤੇ, ਮੋਦੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਪੈਟਰੋਲ-ਡੀਜ਼ਲ ਮਹਿੰਗਾ ਹੋਣ ਖ਼ਿਲਾਫ਼ ‘ਆਪ’ ਉੱਤਰੀ ਸੜਕਾਂ ਤੇ, ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਇੱਕ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ। ਇਹ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਹੇਠ ਅਗਰ ਨਗਰ ਦੇ ਬਾਹਰ ਰਘੂਨਾਥ ਹਸਪਤਾਲ ਸਾਹਮਣੇ ਸਥਿਤ ਪੈਟਰੋਲ ਪੰਪ ‘ਤੇ ਕੀਤਾ ਗਿਆ, ਜਿਸ ਵਿੱਚ ਪਾਰਟੀ ਦੀ ਸ਼ਹਿਰੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜ ਰਾਜਾਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਲਗਾਤਾਰ ਮਹਿੰਗਾਈ ਦਾ ਬੋਝ ਲੋਕਾਂ ‘ਤੇ ਥੋਪਿਆ ਜਾ ਰਿਹਾ ਹੈ। ਪਹਿਲਾਂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਹੁਣ ਪੈਟਰੋਲ-ਡੀਜ਼ਲ ਦੇ ਰੇਟ ਵਧਾ ਕੇ ਆਮ ਲੋਕਾਂ ਦੀ ਜ਼ਿੰਦਗੀ ਹੋਰ ਮੁਸ਼ਕਿਲ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀਆਂ ਪੂਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ, ਜਿਸ ਕਾਰਨ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਸਹਿਣ ਲਈ ਮਜਬੂਰ ਹੈ। ਖੰਗੂੜਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ 3 ਰੁਪਏ ਕੀਮਤਾਂ ਵਧਣ ਨਾਲ ਸਿਰਫ਼ ਆਵਾਜਾਈ ਹੀ ਮਹਿੰਗੀ ਨਹੀਂ ਹੋਵੇਗੀ, ਸਗੋਂ ਹਰ ਰੋਜ਼ ਦੀ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ ਹਨ। ਇਸ ਨਾਲ ਮੱਧ ਵਰਗ ਅਤੇ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਣਗੇ ਤਾਂ ਹੋ ਪੰਜਾਬ ਦੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।
ਇਸ ਦੌਰਾਨ ਲੁਧਿਆਣਾ ਸ਼ਹਿਰੀ ਦੇ ਸਕੱਤਰ ਅਤੇ ਵਾਰਡ ਨੰਬਰ 19 ਤੋਂ ਕੌਂਸਲਰ ਨਿਧੀ ਗੁਪਤਾ, ਸੂਬਾ ਮੀਤ ਪ੍ਰਧਾਨ ਯੂਥ ਵਿੰਗ ਪਰਮਿੰਦਰ ਸੰਧੂ, ਗੁਰਵੀਰ ਸਿੰਘ ਗੋਲੂ ਬਾਜਵਾ, ਚੇਅਰਮੈਨ ਰਾਜੂ ਕਨੋਜੀਆ, ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ, ਯੂਥ ਵਿੰਗ ਇੰਚਾਰਜ ਅਮਰਿੰਦਰ ਸਿੰਘ ਐਮ.ਪੀ. ਜਵੱਦੀ, ਐਸ.ਸੀ. ਵਿੰਗ ਇੰਚਾਰਜ ਕਪਿਲ ਸਿੱਧੂ, ਬੀ.ਸੀ. ਵਿੰਗ ਇੰਚਾਰਜ ਵਿਜੇ ਸਿੰਘ, ਮੀਡੀਆ ਇੰਚਾਰਜ ਪੁਨੀਤ ਸਾਹਨੀ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਅਤੇ ਸੰਨੀ ਬੇਦੀ, ਬਲਾਕ ਪ੍ਰਧਾਨ ਵਿਪਨ ਸੇਠੀ, ਪਰਮਿੰਦਰ ਸਿੰਘ ਗਿੱਲ, ਦਸ਼ਮੇਸ਼ ਸਿੰਘ, ਜਤਿੰਦਰ ਸਿੰਘ ਸੇਵਕ, ਮਹਿਲਾ ਵਿੰਗ ਪ੍ਰਧਾਨ ਮਨੀਸ਼ਾ ਕਪੂਰ, ਸੁਖਪ੍ਰੀਤ ਸਿੰਘ, ਪੂਨਮ ਅਰੋੜਾ, ਰਾਧਾ ਮਲਹੋਤਰਾ, ਸੁਮਨਜੀਤ ਕੌਰ, ਮਨਪ੍ਰੀਤ ਕੌਰ ਖੰਗੂੜਾ, ਜਸਮੀਤ ਸਿੰਘ ਕੋਹਲੀ, ਬਲਵਿੰਦਰ ਸਿੰਘ, ਰਮੇਸ਼ ਸ਼ਰਮਾ, ਵਰੁਣ ਮਹਿਤਾ, ਉਦੇ ਭਾਨ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਆਪ ਵਲੰਟੀਅਰਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਹਿੰਗਾਈ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।